ਸ਼ੇਰਖਾਂਵਾਲਾ ਵਿੱਚ ਨੌਜਵਾਨ ਦੇ ਹੋਏ ਕਤਲ ਨੂੰ ਪੁਲਿਸ ਨੇ ਕੀਤਾ ਟਰੇਸ, ਭੈਣ ਨਾਲ ਪ੍ਰੇਮ ਸੰਬੰਧਾਂ ਦੇ ਸ਼ੱਕ ਵਿੱਚ ਨੌਜਵਾਨ ਦਾ ਕਤਲ
-- ਥਾਣਾ ਬੋਹਾ ਪੁਲਿਸ ਨੇ ਪਿੰਡ ਦੇ ਹੀ ਨੌਜਵਾਨ ਨੂੰ ਕੀਤਾ ਗ੍ਰਿਫਤਾਰ
-- ਭੈਣ ਨਾਲ ਪ੍ਰੇਮ ਸੰਬੰਧਾਂ ਦੇ ਸ਼ੱਕ ਵਿੱਚ ਭਰਾ ਨੇ ਕੀਤਾ ਸੀ ਕਤਲ
ਮਾਨਸਾ, 27 ਸਤੰਬਰ 2022 - ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਨੇੜਲੇ ਪਿੰਡ ਸ਼ੇਰਖਾਂਵਾਲਾ ਵਿਖੇ ਨੌਜਵਾਨ ਜਗਜੀਤ ਸਿੰਘ ਦੇ ਹੋਏ ਕਤਲ ਨੂੰ ਥਾਣਾ ਬੋਹਾ ਪੁਲਿਸ ਨੇ 24 ਘੰਟਿਆਂ ਵਿੱਚ ਹੀ ਟ੍ਰੇਸ ਕਰਕੇ ਪਿੰਡ ਦੇ ਹੀ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਮ੍ਰਿਤਕ ਜਗਜੀਤ ਸਿੰਘ ਦੇ ਉਸਦੀ ਭੈਣ ਨਾਲ ਪ੍ਰੇਮ ਸਬੰਧ ਹੋਣ ਦੇ ਸ਼ੱਕ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਪਿਛਲੇ ਦਿਨੀਂ ਪਿੰਡ ਸ਼ੇਰਖਾਂਵਾਲਾ ਵਿਖੇ ਰਾਤ ਸਮੇਂ ਘਰ ਵਿਚ ਸੁੱਤੇ ਪਏ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਥਾਣਾ ਬੋਹਾ ਪੁਲਿਸ ਵੱਲੋਂ 24 ਘੰਟਿਆਂ ਵਿੱਚ ਕਤਲ ਨੂੰ ਟਰੇਸ ਕਰਕੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਨਸਾ ਦੇ ਐਸ.ਪੀ.(ਡੀ) ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਪਿੰਡ ਸ਼ੇਰਖਾਂਵਾਲਾ ਵਿਖੇ ਇੱਕ ਨੌਜਵਾਨ ਦਾ ਘਰ ਵਿੱਚ ਹੀ ਗਲਾ ਕੱਟ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਨੂੰ ਸਾਡੀ ਪੁਲਿਸ ਟੀਮ ਨੇ ਟ੍ਰੇਸ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਕਤਲ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਨੌਜਵਾਨ ਦਵਿੰਦਰ ਸਿੰਘ ਨੇ ਜਗਜੀਤ ਸਿੰਘ ਨੂੰ ਸ਼ੱਕ ਦੇ ਆਧਾਰ ਤੇ ਕਤਲ ਕੀਤਾ ਹੈ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਜਗਜੀਤ ਸਿੰਘ ਦੇ ਉਸ ਦੀ ਭੈਣ ਨਾਲ ਪ੍ਰੇਮ ਸਬੰਧ ਸਨ। ਉਨ੍ਹਾਂ ਦੱਸਿਆ ਕਿ ਇਸ ਕਤਲ ਨੂੰ ਬੜੇ ਸੈਂਸਟਿਵ ਤਰੀਕੇ ਨਾਲ ਡਾਗ ਸਕਵੈਡ ਅਤੇ ਫੋਰੈਂਸਿਕ ਟੀਮ ਦੀ ਮਦਦ ਲੈਣ ਕੇ ਪੁਲਿਸ ਨੇ ਟ੍ਰੇਸ ਕੀਤਾ ਹੈ ਕਿਉਂਕਿ ਉਸ ਦਿਨ ਬਾਰਿਸ਼ ਵਾਲੀ ਰਾਤ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮੌਕੇ ਤੋਂ ਕਾਤਲ ਦੇ ਜੂਤੇ ਦੇ ਨਿਸ਼ਾਨ ਵੀ ਮਿਲੇ ਸਨ, ਜੋ ਹੁਣ ਦੋਸ਼ੀ ਦੇ ਜੂਤਿਆਂ ਨਾਲ ਮਿਲਾਣ ਲਈ ਭੇਜੇ ਜਾਣਗੇ।