ਬਾਬਾ ਨਜ਼ਮੀ ਦੀ ਬੁਲੰਦ ਸ਼ਾਇਰੀ ਨੇ ਐਡਮਿੰਟਨ ਦੇ ਪੰਜਾਬੀ ਕੀਲੇ
ਹਰਦਮ ਮਾਨ
ਸਰੀ, 10 ਅਗਸਤ 2022-ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ ਦੇ ਸੱਦੇ ਤੇ ਰਿਚਵੁਡ ਕਮਿਊਨਿਟੀ ਹਾਲ ਐਡਮਿੰਟਨ ਵਿਖੇ ਲਹਿੰਦੇ ਪੰਜਾਬ ਦੇ ਤਰੱਕੀ ਪਸੰਦ ਪ੍ਰਸਿੱਧ ਸ਼ਾਇਰ, ਪੰਜਾਬੀ ਦੇ ਬੋਲੀ ਦੇ ਝੰਡਾ ਬਰਦਾਰ ਬਾਬਾ ਨਜ਼ਮੀ ਲਗਭਗ 250 ਸੌ ਸਰੋਤਿਆਂ-ਪਾਠਕਾਂ ਦੇ ਰੁਬਰੂ ਹੋਏ। ਬਾਬਾ ਨਜ਼ਮੀ ਅਤੇ ਡਾ. ਅਨੂਪ ਸਿੰਘ ਪ੍ਰਸਿੱਧ ਆਲੋਚਕ ਚਿੰਤਕ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਸਟੇਜ ਦਾ ਸੰਚਾਲਨ ਗੁਰਸੇਵਕ ਸਿੰਘ ਨੇ ਬਾਖੂਬੀ ਕੀਤਾ।
ਸਮਾਗਮ ਦੀ ਸ਼ੁਰੂਆਤ ਸੇਵਕ ਸਿੰਘ ਨੇ ਆਪਣੀ ਕਵਿਤਾ ਨਾਲ ਕੀਤੀ। ਗੁਰਤੇਜ ਬਰਾੜ ਨੇ ਵੱਖਰੇ ਅੰਦਾਜ਼ ਵਿਚ ਸ਼ਾਇਰੀ ਸੁਣਾਈ ਅਤੇ ਵਰਿੰਦਰ ਕੌਰ ਨੇ ‘ਕਠਪੁਤਲੀ’ ਨਜ਼ਮ ਸੁਣਾ ਕੇ ਵਾਹ ਵਾਹ ਖੱਟੀ। ਸਤੀਸ਼ ਗੁਲਾਟੀ ਨੇ ਬਾਬਾ ਨਜ਼ਮੀ ਬਾਰੇ ਫਿਰਾਕ ਗੋਰਖਪੁਰੀ ਦੇ ਸ਼ਿਅਰ-‘ਆਨੇ ਵਾਲੀ ਨਸਲੇਂ ਤੁਮ ਪਰ ਰਕਸ ਕਰੇਂਗੀ ਐ ਹਮਸਫਰੋ। ਜਬ ਉਨ ਕੋ ਯਹ ਧਿਆਨ ਆਏਗਾ ਹਮ ਨੇ ਫਿਰਾਕ ਕੋ ਦੇਖਾ ਹੈ।‘ ਨਾਲ ਕਿਹਾ ਕਿ ਸਾਡੀ ਪੀੜ੍ਹੀ ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਗੁਰਸ਼ਰਨ ਭਾਅ ਜੀ, ਡਾ ਜਗਤਾਰ, ਸੰਤ ਰਾਮ ਉਦਾਸੀ, ਅਜਮੇਰ ਔਲਖ ਅਤੇ ਬਾਬਾ ਨਜਮੀ ਨੂੰ ਦੇਖਿਆ ਹੀ ਨਹੀਂ ਸੁਣਿਆ ਵੀ ਹੈ। ਬਾਬਾ ਨਜਮੀ ਲਹਿੰਦੇ ਪੰਜਾਬ ਵਿਚ ਪੰਜਾਬੀ ਦਾ ਝੰਡਾ ਬਰਦਾਰ ਹੀ ਨਹੀਂ ਸਗੋਂ ਚੜ੍ਹਦੇ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿੱਚ ਬਾਬਾ ਨਜਮੀ ਦੇ ਸ਼ਿਅਰ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਮਾਰਗ ਦਰਸ਼ਨ ਦਾ ਕੰਮ ਕਰ ਰਹੇ ਹਨ। ਕਿਸਾਨ ਅੰਦੋਲਨ ਵਿਚ ਬਹੁਤ ਸਾਰੇ ਚਿੰਤਕਾਂ ਨੇ ਅਤੇ ਗਾਇਕਾਂ ਨੇ ਬਾਬਾ ਜੀ ਦੇ ਸ਼ਿਅਰਾਂ ਨਾਲ ਪੰਡਾਲ ਅਤੇ ਬਹੁਤ ਸਾਰੇ ਟੈਂਟ, ਟਰਾਲੀਆਂ ਦੇ ਬਾਹਰ ਬਾਬਾ ਨਜਮੀ ਦੇ ਸ਼ਿਅਰਾਂ ਦੇ ਪੋਸਟਰਾਂ ਨਾਲ ਹਰ ਸ਼ਿਅਰ ਨੇ ਸੁਚੇਤ ਮਨਾਂ ਲਈ ਖਾਦ ਦਾ ਕੰਮ ਕੀਤਾ।
ਬਾਬਾ ਨਜ਼ਮੀ ਨੇ ਆਪਣੀ ਬੁਲੰਦ ਅਤੇ ਨਿਵੇਕਲੀ ਅੰਦਾਜ਼ ਵਿਚ ਸ਼ਾਇਰੀ ਦਾ ਆਗਾਜ਼ ਇਨ੍ਹਾਂ ਸ਼ਿਅਰਾਂ ਨਾਲ ਕੀਤਾ-
ਅੰਬਰ ਦਾ ਮੈਂ ਬੂਹਾ ਖੋਲ੍ਹ ਕੇ ਵੇਖਾਂਗਾ।
ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ।
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।
ਆਪਣੇ ਮੂੰਹ ਨੂੰ ਡੱਕਾ ਲਾ ਉਏ ਸ਼ੀਦੇ ਸ਼ਾਹ।
ਇੰਝ ਨਾ ਆਪਣਾ ਕੱਦ ਵਧਾ ਉਏ ਸ਼ੀਦੇ ਸ਼ਾਹ।
ਉਨ੍ਹਾਂ ਆਪਣੀ ਨਜ਼ਮ ਹੂਰ, ਗੋਲੀ, ਜਨਰਲ, ਮਜ਼ਦੂਰ ਤੋਂ ਇਲਾਵਾ ਸਰੋਤਿਆਂ ਦੀ ਮੰਗ ‘ਤੇ ਅਨੇਕਾਂ ਸ਼ਿਅਰ ਸੁਣਾ ਕੇ ਸਭਨਾਂ ਨੂੰ ਗਦ ਗਦ ਕੀਤਾ। ਜਸਵੀਰ ਸਿੰਘ ਮਾਹਲ ਐਮ.ਐਲ.ਏ. ਨੇ ਸਨਮਾਨ ਨਿਸ਼ਾਨੀ ਦੇ ਕੇ ਅਤੇ ਐਡਮਿੰਟਨ ਆਉਣ ‘ਤੇ ਬਾਬਾ ਨਜਮੀ ਦਾ ਧੰਨਵਾਦ ਕੀਤਾ। ਇਹ ਸ਼ਾਮ ਲੰਬੇ ਅਰਸੇ ਤੱਕ ਲੋਕ ਮਨਾਂ ‘ਤੇ ਆਪਣੀ ਛਾਪ ਛੱਡ ਗਈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com