ਧਰਨਾਕਾਰੀਆਂ ਨੇ140ਵੇਂ ਦਿਨ ਥਾਣੇ ਅੱਗੇ ਕੀਤੀ ਨਾਹਰੇਬਾਜ਼ੀ
15 ਅਗਸਤ ਦੀ ਰੋਸ ਰੈਲ਼ੀ ਸਬੰਧੀ ਮੀਟਿੰਗ 13 ਨੂੰ
ਜਗਰਾਉਂ 09 ਅਗਸਤ 2022 (ਦੀਪਕ ਜੈਨ ): ਸੰਗੀਨ ਧਾਰਾਵਾਂ ਅਧੀਨ ਦਰਜ ਮੁੱਖ ਦੋਸ਼ੀ ਡੀ.ਐਸ.ਪੀ. ਗੁਰਿੰਦਰ ਬੱਲ ਅਤੇ ਸਹਿ ਦੋਸ਼ੀ ਐਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ 23 ਮਾਰਚ ਤੋਂ ਸਿਟੀ ਥਾਣੇ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਅੱਜ ਲਗਾਤਾਰ 140ਵੇਂ ਦਿਨ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼) ਦੇ ਆਗੂ ਫੌਜੀ ਬਲਦੇਵ ਸਿੰਘ ਨੇ ਕਿਹਾ ਕਿ 15 ਅਗਸਤ ਨੂੰ ਕੀਤੀ ਜਾਣ ਵਾਲੀ ਰੋਸ ਰੈਲ਼ੀ ਅੰਤਮ ਤਿਆਰੀਆਂ ਸਬੰਧੀ 13 ਅਗਸਤ ਨੂੰ ਸਾਰੀਆਂ ਹੀ ਸੰਘਰਸ਼ੀਲ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਜਾਵੇਗੀ।
ਉਨ੍ਹਾਂ ਪੰਜਾਬ ਦੀ ਸਤਾਧਾਰੀ ਪਾਰਟੀ ਦੀ ਨੁਮਾਇੰਦਗੀ ਕਰਦੇ ਅਖੌਤੀ ਲੀਡਰਾਂ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੋਂ ਪੁਛਿਆ ਕਿ ਗੈਰ-ਜ਼ਮਾਨਤੀ ਧਾਰਾਵਾਂ 304, 342, 44, ਅਤੇ ਐਸ .ਸੀ/ਐਸ ਟੀ ਐਕਟ -1989 ਦੇ ਦੋਸ਼ੀ ਗੁਰਿੰਦਰ ਬੱਲ, ਰਾਜਵੀਰ ਤੇ ਹਰਜੀਤ ਸਰਪੰਚ ਹੁਣ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਕਿਉਂ ਹਨ? ਜਦਕਿ ਕਿ 11 ਦਸੰਬਰ 2021 ਨੂੰ ਦਰਜ ਕੀਤੇ ਇਸ ਮੁਕੱਦਮੇ ਦੇ ਤਿੰਨਾਂ ਹੀ ਦੋਸ਼ੀਆਂ ਨੂੰ ਹੁਣ ਤੱਕ ਕਿਸੇ ਵੀ ਅਦਾਲਤ ਨੇ ਜ਼ਮਾਨਤ ਜਾਂ ਸਟੇਅ ਆਰਡਰ ਨਹੀਂ ਦਿੱਤਾ ਫਿਰ ਵੀ ਪੁਲਿਸ ਅਧਿਕਾਰੀ ਦੋਸ਼ੀਆਂ ਜਾਣਬੁੱਝ ਕੇ ਗ੍ਰਿਫਤਾਰ ਨਹੀਂ ਕਰ ਰਹੇ। ਇਸ ਦੇ ਉਲਟ ਜੇ ਇਹੀ ਧਾਰਾਵਾਂ ਕਿਸੇ ਆਮ ਬੰਦੇ ਤੇ ਲੱਗੀਆਂ ਹੁੰਦੀਆਂ ਤਾਂ ਪੁਲਿਸ ਨੇ ਉਸ ਦਾ ਸਾਰਾ ਪਰਿਵਾਰ ਚੁੱਕ ਕੇ ਸੀਖਾਂ ਪਿੱਛੇ ਬੰਦ ਕਰ ਦੇਣਾ ਸੀ। ਇਸ ਤੋਂ ਸ਼ਪੱਸ਼ਟ ਹੈ ਕਿ ਪੰਜਾਬ ਵਿੱਚ ਗਰੀਬ ਲਈ ਕਾਨੂੰਨ ਹਿਰ ਹੈ ਅਤੇ ਅਮੀਰ ਲਈ ਕਾਨੂੰਨ ਹੋਰ ਹੈ।
ਐਸ.ਸੀ./ਬੀ.ਸੀ. ਏਕਤਾ ਭਲਾਈ ਮੰਚ ਦੇ ਚੇਅਰਮੈਨ ਦਰਸ਼ਨ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਦੱਸਿਆ ਕਿ 17 ਸਾਲ ਪਹਿਲਾਂ ਗਰੀਬ ਮਾਂ-ਧੀ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਥਾਣੇ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ, ਨਾਲੇ ਕੁੱਟਿਆ-ਮਾਰਿਆ, ਨਾਲੇ ਬਿਜਲ਼ੀ ਦਾ ਕਰੰਟ ਲਗਾਇਆ ਗਿਆ ਸੀ। ਥਾਣਾਮੁਖੀ ਨੇ ਕੁੱਟਮਾਰ ਦੀ ਘਟਨਾ ਨੂੰ ਛੁਪਾਉਣ ਲਈ ਹੀ ਸਾਡੇ ਪਰਿਵਾਰ ਨੂੰ ਹੀ ਝੂਠੇ ਕੇਸਾਂ ਵਿੱਚ ਫਸਾਇਆ ਸੀ ਅਤੇ ਅਸੀਂ ਕਰੀਬ 10 ਸਾਲਾਂ ਬਾਦ ਮੁਕੱਦਮੇ ਚੋਂ ਬਰੀ ਹੋਏ ਸਨ। ਉਨ੍ਹਾਂ ਕਿਹਾ ਕਿ ਅੱਤਿਆਚਾਰ ਦੀ ਸ਼ਿਕਾਰ ਸਾਡੀ ਲੜਕੀ ਕੁਲਵੰਤ ਕੌਰ ਦੀ ਮੌਤ ਤੋ ਬਾਦ ਦੋਸ਼ੀਆਂ ਤੇ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਪਰ ਸੰਗੀਨ ਧਾਰਾਵਾਂ ਲੱਗਣ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਦੋਸ਼ੀ ਥਾਣੇਦਾਰ ਅਤੇ ਸਰਪੰਚ ਬਿਨਾਂ ਕਿਸੇ ਜ਼ਮਾਨਤ ਜਾਂ ਅਰੈਸਟ ਵਰੰਟ ਦੇ ਖੁੱਲ੍ਹੇ ਘੁੰਮ ਰਹੇ ਹਨ।
ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਦੋਸ਼ੀ ਦੀ ਹੈਸੀਅਤ ਦੇਖ ਕੇ ਹੀ ਕਾਨੂੰਨ ਨੂੰ ਅਪਲਾਈ ਕਰਦੇ ਹਨ। ਨਿਹੰਗ ਬਾਬਾ ਚੜਤ ਸਿੰਘ ਨੇ ਕਿਹਾ ਪੀੜ੍ਹਤਾਂ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ "ਆਪ ਸਰਕਾਰ" ਦੇ ਮੱਥੇ 'ਤੇ ਕਲੰਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤਿੱਖਾ ਕਰਕੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ ਪਿਛਲੇ 4 ਮਹੀਨਿਆਂ ਤੋਂ ਹੱਕ-ਸੱਚ ਤੇ ਇਨਸਾਫ਼ ਦੀ ਪ੍ਰਾਪਤੀ ਲਈ ਲੱਗਾ "ਭਾਈ ਲਾਲੋ ਦੇ ਵਾਰਸਾਂ" ਦਾ ਇਹ ਧਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੋਟਾਂ ਤੋਂ ਪਹਿਲਾਂ ਦੀ ਕਹਿਣੀ ਤੇ ਹੁਣ ਦੀ ਕਰਨੀ ਦੇ ਫਰਕ ਨੂੰ ਦਰਸਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ਼ ਦੀ ਪੁਰਜ਼ੋਰ ਮੰਗ ਕੀਤੀ ਗਈ।
ਅੱਜ ਦੇ ਰੋਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਜਸਵੀਰ ਸਿੰਘ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਦੇ ਹਰੀ ਸਿੰਘ ਚਚਰਾੜੀ, ਹਰਜੀਤ ਸਿੰਘ, ਠੇਕੇਦਾਰ ਅਵਤਾਰ ਸਿੰਘ ਜਗਰਾਉਂ, ਹਾਕਮ ਸਿੰਘ ਢੋਲ਼ਣ ਅਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮ੍ਰਿਤਕ ਕੁਲਵੰਤ ਕੌਰ ਪੁਲਿਸ ਦੇ ਤਸੀਹਿਆ ਕਾਰਨ ਨਕਾਰਾ ਹੋ ਕੇ ਲੰਘੀ 10 ਦਸੰਬਰ 2021 ਨੂੰ ਸਵਰਗ ਸੁਧਾਰ ਗਈ ਸੀ। ਪੁਲਿਸ ਨੇ ਸਥਾਨਕ ਸਿਟੀ ਥਾਣੇ ਵਿੱਚ ਉਕਤ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕਰ ਲਿਆ ਸੀ ਪਰ ਅਜੇ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਪਾਈ ਕਿਉਂਕਿ ਉਹ ਪੁਲਿਸ ਅਤੇ ਲੀਡਰਾਂ ਦੇ ਖਾਸ ਕਮਾਊ ਪੁੱਤ ਹਨ। ਮੁਦਈ ਮੁਕੱਦਮਾ ਇਕਬਾਲ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨਾ ਸਥਾਪਤ ਕਾਨੂੰਨ ਦੀ ਘੋਰ ਉਲੰਘਣਾ ਹੈ।