ਕੋਈ ਵੀ ਸੂਚਨਾ ਲੋਕਾਂ ਦੀ ਬਜਾਏ ਪੁਲੀਸ ਅਧਿਕਾਰੀਆਂ ਨਾਲ ਸ਼ੇਅਰ ਕਰਨ ਲੋਕ- ਐੱਸਪੀ ਨਵਜੋਤ ਸਿੰਘ
ਪੁਲਿਸ ਨੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਕੀਤਾ ਫਲੈਗ ਮਾਰਚ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 08 ਅਗਸਤ 2022
ਜ਼ਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਪੁਲਿਸ ਅਧਿਕਾਰੀਆਂ ਦੀ ਦੇਖ-ਰੇਖ ਵਿਚ 15 ਅਗਸਤ ਦੇ ਮੱਦੇਨਜ਼ਰ ਥਾਣਾ ਸਿਟੀ,ਥਾਣਾ ਸਦਰ ਪੁਲਿਸ ਅਤੇ ਟ੍ਰੈਫਿਕ ਪੁਲੀਸ ਵੱਲੋਂ ਸਾਂਝੇ ਤੌਰ ਤੇ ਦੇਰ ਸ਼ਾਮ ਫਲੈਗ ਮਾਰਚ ਕੀਤਾ ਗਿਆ ਅਤੇ ਸ਼ਹਿਰ ਦੇ ਵਿਚ ਚੈਕਿੰਗ ਅਭਿਆਨ ਚਲਾਇਆ ਗਿਆ। ਐਸ ਪੀ ਨਵਜੋਤ ਸਿੰਘ ,ਡੀਐਸਪੀ ਸਿਟੀ ਰਿਪੁਦਮਨ ਸਿੰਘ, ਡੀ ਐਸ ਪੀ ਰਾਜਬੀਰ ਸਿੰਘ, ਡੀਐਸਪੀ ਕਾਹਲੋਂ,ਐਸ ਐਚ ਉ ਸਿਟੀ ਗੁਰਮੀਤ ਸਿੰਘ,ਐਸ ਐਚ ਓ ਸਦਰ ਅਮਨਦੀਪ ਸਿੰਘ, ਐਸ ਐਚ ਓ ਤਿੱਬੜ ਅਮਰੀਕ ਸਿੰਘ ਸਮੇਤ ਟ੍ਰੈਫਿਕ ਪੁਲਿਸ ਅਧਿਕਾਰੀ ਅਤੇ ਪੁਲਸ ਕਰਮਚਾਰੀ ਵੀ ਮੌਜੂਦ ਸਨ।
ਅੱਗੇ-ਅੱਗੇ ਪੈਦਲ ਚਲਦੇ ਪੁਲਸ ਅਧਿਕਾਰੀ ਅਤੇ ਕਰਮਚਾਰੀ ਅਤੇ ਪਿੱਛੇ ਪਿੱਛੇ ਸਾਇਰਨ ਵਜਾਉਦੀਆਂ ਗੱਡੀਆਂ ਲੋਕਾਂ ਨੂੰ ਸੁਚੇਤ ਰਹਿਣ ਅਤੇ ਪੁਲਿਸ ਦੇ ਕੰਮਾਂ ਵਿੱਚ ਸਹਿਯੋਗੀ ਬਣਨ ਦਾ ਸੰਦੇਸ਼ ਦੇ ਰਹੀਆਂ ਸਨ।
ਫਲੈਗ ਮਾਰਚ ਦੌਰਾਨ ਸ਼ਹਿਰ ਦੇ ਦੁਕਾਨਦਾਰਾਂ ਅਤੇ ਸੜਕ ਕਿਨਾਰੇ ਰੇਹੜੀ ਲਗਾਉਣ ਵਾਲਿਆਂ ਨੂੰ ਸੁਤੰਤਰਤਾ ਦਿਵਸ ਮੱਦੇਨਜ਼ਰ ਸ਼ੱਕੀ ਵਿਅਕਤੀਆਂ ਅਤੇ ਵਸਤੂਆਂ ਪ੍ਰਤੀ ਸਜਗ ਰਹਿਣ ਦੀ ਹਦਾਇਤ ਦਿੱਤੀ ਗਈ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਸਪੀ ਨਵਜੋਤ ਸਿੰਘ ਨੇ ਕਿਹਾ ਕਿ 15 ਅਗਸਤ ਅਤੇ ਇੰਟੈਲੀਜੈਂਸ ਏਜੰਸੀਆਂ ਦੀਆਂ ਇਨਪੁਟਸ ਦੇ ਮੱਦੇਨਜਰ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਵੱਲੋ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਹਨ। ਉੱਥੇ ਹੀ ਉਹਨਾਂ ਨੇ ਦੱਸਿਆ ਕਿ ਸ਼ਹਿਰ ਦੇ ਬਾਹਰਵਾਰ ਇਲਾਕਿਆਂ ਵਿਚ ਵੀ ਪੁਲੀਸ ਅਧਿਕਾਰੀ ਪੂਰੀ ਤਰਾਂ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਨਾਕੇ ਲਗਾ ਕੇ ਲਗਾਤਾਰ ਵਾਹਨਾਂ ਦੀ ਚੈਕਿੰਗ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਉਹ ਇਸ ਦੀ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਸ਼ਹਿਰ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਫਲੈਗ ਮਾਰਚ ਕੱਢਣ ਦਾ ਉਦੇਸ਼ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਨਾ ਹੈ ਕਿ ਪੁਲਿਸ ਅਧਿਕਾਰੀ ਅਤੇ ਤਮਾਮ ਪੁਲਿਸ ਫੋਰਸ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ ਅਤੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ, ਇਸ ਲਈ ਲੋਕਾਂ ਨੂੰ ਕੋਈ ਵੀ ਇਨਫਰਮੇਸ਼ਨ ਲੁਕਾਉਣ ਦੀ ਬਜਾਏ ਪੁਲਿਸ ਨਾਲ ਸ਼ੇਅਰ ਕਰਨੀ ਚਾਹੀਦੀ ਹੈ।