ਪੰਜਾਬ ਸਰਕਾਰ ਵਲੋਂ ਬਜਟ ਸ਼ੈਸ਼ਨ ਦੌਰਾਨ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਦੀ ਨਿੰਦਿਆ
ਨਵਾਂ ਸ਼ਹਿਰ, 25 ਜੂਨ 2022 - ਮੌਜੂਦਾ ਪੰਜਾਬ ਸਰਕਾਰ ਵਲੋੰ ਆਪਣੇ ਚੋਣ ਵਾਇਦੇ ਅਨੁਸਾਰ ਅੱਜ ਪੇਸ਼ ਕੀਤੇ ਬਜ਼ਟ ਸ਼ੈਸ਼ਨ ਦੁਰਾਨ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਕੋਈ ਵੀ ਮਤਾ ਨਾ ਲਿਆਉਣ ਦਾ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਪੰਜਾਬ ਘੋਰ ਨਿੰਦਿਆ ਕਰਦੀ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼੍ਰੀ ਗੁਰਦਿਆਲ ਮਾਨ ਜਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਵਿਧਾਨ ਸਭਾ ਚੌਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹਰੇਕ ਵਰਕਰ ਨੇ 2004 ਤੋਂ ਬਾਅਦ ਭਰਤੀ ਮੁਲਾਜਮਾਂ ਨਾਲ ਵਾਇਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਪੰਜਾਬ ਅੰਦਰ ਸਤਾ ਵਿੱਚ ਆਉਂਦੀ ਹੈ ਤਾਂ ਮੁਲਾਜਮਾਂ ਦੀ ਬੰਦ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ।
ਇਥੋਂ ਤੱਕ ਕਿ ਮੌਜੂਦਾ ਸਰਕਾਰ ਦੇ ਵਿੱਤ ਮੰਤਰੀ ਅਤੇ ਕਾਂਗਰਸ ਸਰਕਾਰ ਵੇਲੇ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਉਸ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦੀਆਂ ਰੋਸ ਰੈਲੀਆਂ ਵਿੱਚ ਸ਼ਾਮਿਲ ਹੋਕੇ ਕਿਹਾ ਸੀ ਮੁਲਾਜਮਾਂ ਲਈ ਨਵੀਂ ਪੈਨਸ਼ਨ ਸਕੀਮ ਬਹੁਤ ਹੀ ਘਾਤਹ ਸਿੱਧ ਹੋ ਰਹੀ ਹੈ,ਇਸ ਲਈ ਸਾਡੀ ਸਰਕਾਰ ਹੋਂਦ ਵਿੱਚ ਆਉਣ ਤੇ ਸਭ ਤੋਂ ਪਹਿਲਾਂ ਨਵੀਂ ਪੈਨਸ਼ਨ ਸਕੀਮ ਨੂੰ ਬੰਦ ਕਰਕੇ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ।
ਪਰ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਅੱਜ ਪ੍ਰਸ਼ਨ ਕਾਲ ਦੁਰਾਨ ਮੌਜੂਦਾ ਮੰਤਰੀ ਵਲੋਂ ਇਸ ਮੁੱਦਾ ਵਾਰੇ ਨਾ ਪੱਖੀ ਜਵਾਵ ਦਿੱਤਾ ਗਿਆ। ਸ਼੍ਰੀਮਾਨ ਨੇ ਕਿਹਾ ਕਿ ਝੂਠ ਦਾ ਸਹਾਰਾ ਲੈਕੇ ਬਣੀ ਪੰਜਾਬ ਦੀ ਮੌਜੂਦਾ ਸਰਕਾਰ ਨੇ ਅਜ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਲਗਭਗ 2ਲੱਖ ਮੁਲਾਜਮਾਂ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਦੀ ਪਿੱਠ ਵਿੱਚ ਛੁਰਾ ਖੋਭਿਆ ਹੈ।ਜੋਕਿ ਭਵਿੱਖ ਵਿੱਚ ਮੌਜੂਦਾ ਸਰਕਾਰ ਦੇ ਕੱਫਣ ਵਿੱਚ ਕਿੱਲ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਤੋਂ ਮੁਲਾਜਮਾਂ ਅਤੇ ਆਮ ਲੋਕਾਂ ਨੂੰ ਬਹੁਤ ਉਮੀਦਾਂ ਸਨ,ਜਿਨ੍ਹਾਂ ਉੱਤੇ ਅੱਜ ਸਰਕਾਰ ਨੇ ਪਾਣੀ ਫੇਰ ਦਿੱਤਾ ਹੈ।
ਉਹਨਾਂ ਕਿਹਾ ਕਿ ਐਨ ਪੀ ਐਸ ਤੋਂ ਪੀੜਤ ਮੁਲਾਜਮ ਹੁਣ ਚੁੱਪ ਕਰਕੇ ਨਹੀਂ ਬੈਠਣਗੇ ਸਗੋਂ ਸਰਕਾਰ ਦਾ ਪਿੰਡਾਂ-ਸ਼ਹਿਰਾਂ ਅਤੇ ਕਸਬਿਆਂ ਵਿੱਚ ਡਟਕੇ ਵਿਰੋਧ ਕਰਨਗੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁਲਾਜਮ ਹਿਮਾਚਲ ਪ੍ਰਦੇਸ਼ ਵਿਚ ਵੀ ਆਮ ਆਦਮੀ ਪਾਰਟੀ ਦੇ ਮੁਲਾਜਮ ਵਿਰੋਧੀ ਨੀਤੀਆਂ ਦਾ ਪ੍ਰਚਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਕੇ ਮੁਲਾਜਮਾਂ ਦਾ ਬੁਢਾਪਾ ਸੁਰੱਖਿਅਤ ਕੀਤਾ ਜਾਵੇ।