ਕਾਬੁਲ 'ਚ ਹਮਲੇ ਨਾਲ ਨੁਕਸਾਨੇ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਲਈ 10 ਲੱਖ ਦਾ ਸਹਿਯੋਗ ਦੇਵਾਂਗੇ- ਜਥੇਦਾਰ ਦਾਦੂਵਾਲ
ਬਾਬੂਸ਼ਾਹੀ ਨੈਟਵਰਕ
ਤਲਵੰਡੀ ਸਾਬੋ, 25 ਜੂਨ 2022- ਸਿੱਖ ਪ੍ਰਚਾਰਕ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਧਾਨ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਕਾਬੁਲ ਵਿਚ ਹੋਏ ਬੰਬ ਧਮਾਕੇ ਵਿਚ ਨੁਕਸਾਨੇ ਗਏ ਗੁਰਦੁਆਰਾ ਸਾਹਿਬ ਕਰਤੇ ਪਰਵਾਨ ਦੀ ਦੁਬਾਰਾ ਉਸਾਰੀ ਲਈ ਕਾਰ ਸੇਵਾ ਲਈ 10 ਲੱਖ ਰੁਪਏ ਦਾ ਸਹਿਯੋਗ ਦਿੱਤਾ ਜਾਵੇਗਾ।
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬ 'ਤੇ ਕੀਤਾ ਗਿਆ ਹਮਲਾ ਬਹੁਤ ਨਿੰਦਣਯੋਗ ਹੈ ਅਤੇ ਇਕ ਵਿਅਕਤੀ ਦੀ ਜਾਨ ਵੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਸਾਹਿਬ 'ਤੇ ਹਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਇਹ ਹਮਲਾ ਤਾਲਿਬਾਨਾਂ ਦਾ ਨਹੀਂ, ਕਿਸੇ ਹੋਰ ਸਾਜਿਸ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕਾਬੁਲ 'ਚ ਸਿੱਖ ਪੂਰੀ ਚਡ਼ਦੀ ਕਲਾ ਵਾਲੇ ਹਨ ਅਤੇ ਗੁਰਸਿੱਖੀ ਨਾਲ ਜੁਡੇ ਹੋਏ ਹਨ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਹਿੰਦੂ ਅਤੇ ਸਿੱਖ ਲੋਕਾਂ ਦੀ ਸੁਰੱਖਿਆ ਲਈ ਤਾਲਿਬਾਨ ਸਰਕਾਰ ਨਾਲ ਗੱਲਬਾਤ ਕਰਕੇ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿਚ ਭੁਚਾਲ ਨਾਲ ਹੋਏ ਨੁਕਸਾਨ ਲਈ ਲੋਕਾਂ ਵਾਸਤੇ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦਾ ਭਲਾ ਸਿਧਾਂਤ ਦੇ ਅਨੁਸਾਰ ਸੇਵਾ ਕਰਨ ਲਈ ਤਿਆਰ ਹਨ।