ਸਿਰਫ਼ 20 ਰੁਪਏ ਖ਼ਾਤਰ ਮਾਂ ਦੇ ਕੀਤੇ ਕਤਲ ਲਈ ਪੁੱਤਰ ਨੂੰ ਕੋਈ ਪਛਤਾਵਾ ਨਹੀਂ
ਮਾਂ ਰੱਬ ਦਾ ਰੂਪ ਹੁੰਦੀ ਹੈ ਇਹ ਸਾਰਿਆਂ ਤੇ ਨਹੀਂ ਗੱਲ ਢੁਕਦੀ
ਪੈਸੇ ਦੇਣ ਤੋਂ ਦਰਸਾਉਂਦੀ ਸੀ ਉਸ ਦੀ ਮਾਤਾ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈਟਵਰਕ
ਸੁਲਤਾਨਪੁਰ ਲੋਧੀ 20 ਜੂਨ 2022- ਸਿਰਫ਼ 20 ਰੁਪਏ ਖਾਤਰ ਕੀਤੇ ਆਪਣੀ ਸਕੀ ਮਾਂ ਦੇ ਕਤਲ ਵਿਚ ਪੁਲਸ ਵਲੋਂ ਲੋੜੀਂਦੇ ਮੁਲਜ਼ਮ ਪੁੱਤਰ ਦਲਬੀਰ ਸਿੰਘ ਉਰਫ ਬਿੱਲਾ ਨੂੰ ਆਪਣੀ ਮਾਂ ਦੀ ਕੀਤੀ ਹੱਤਿਆ ਦਾ ਬਿਲਕੁਲ ਵੀ ਅਫ਼ਸੋਸ ਜਾਂ ਦੁੱਖ ਨਹੀਂ ਹੈ ।ਪੁਲਸ ਹਿਰਾਸਤ ਵਿਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬੜੇ ਬੇਬਾਕੀ ਨਾਲ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਕਿਹਾ ਕਿ ਉਸ ਨੂੰ ਆਪਣੀ ਮਾਂ ਦੀ ਕੀਤੀ ਹੱਤਿਆ ਦਾ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਉਸ ਦੀ ਮਾਂ ਨੇ ਉਸ ਨਾਲ ਧੋਖਾ ਕੀਤਾ ਹੈ। ਉਸ ਨੇ ਕਿਹਾ ਕਿ ਵਿਦੇਸ਼ ਜਾਣ ਲਈ ਉਸ ਨੂੰ ਸਿਰਫ਼ ਮਾਂ ਨੇ 3 ਲੱਖ ਰੁਪਏ ਦਿੱਤੇ ਸਨ ਜੋ ਉਸ ਨੇ ਵਿਦੇਸ਼ ਜਾਣ ਉਪਰੰਤ ਇੱਕ ਸਾਲ ਵਿੱਚ ਹੀ ਵਾਪਸ ਕਰ ਦਿੱਤੇ ਸਨ। ਉਸ ਨੇ ਕਿਹਾ ਕਿ ਉਸ ਨੇ ਮਾਂ ਦੇ ਕੋਲੋਂ ਸਿਰਫ਼ 20 ਰੁਪਏ ਮੰਗੇ ਸਨ ਅਤੇ ਉਸ ਦੀ ਮਾਂ ਉਸ ਨੂੰ ਪੈਸੇ ਦੇਣ ਤੋਂ ਤਰਸਾਉਂਦੀ ਸੀ, ਇਨਕਾਰ ਕਰਦੀ ਸੀ। ਉਸ ਨੇ ਕਿਹਾ ਕਿ ਉਸ ਨੇ ਵਿਦੇਸ਼ੋਂ ਵਾਪਸ ਹੋਣ ਉਪਰੰਤ ਆਪਣੀ ਸਾਰੀ ਕਮਾਈ ਆਪਣੀ ਮਾਂ ਦੇ ਹਵਾਲੇ ਕਰ ਦਿੱਤੀ ਸੀ ਪ੍ਰੰਤੂ ਉਸ ਦੀ ਮਾਂ ਨੇ ਉਸ ਦਾ ਮੁੱਲ ਨਹੀਂ ਪਾਇਆ। ਉਸ ਨੇ ਕਿਹਾ ਕਿ ਮੈਂ ਸੁਣਿਆ ਸੀ ਮਾਂ ਰੱਬ ਦਾ ਰੂਪ ਹੁੰਦੀ ਹੈ ਪ੍ਰੰਤੂ ਸਾਰੀਆਂ ਮਾਵਾਂ ਨਹੀਂ ਹੁੰਦੀਆਂ। ਜਾਨਵਰ ਵੀ ਆਪਣੇ ਬੱਚੇ ਨੂੰ ਜਨਮ ਦਿੰਦੇ ਹਨ ਉਹ ਉਸ ਦਾ ਪੂਰਾ ਖਿਆਲ ਰੱਖਦੇ ਹਨ ਪ੍ਰੰਤੂ ਮੇਰੀ ਮਾਂ ਨੇ ਅਜਿਹਾ ਕੁਝ ਨਹੀਂ ਕੀਤਾ ਫਿਰ ਉਹ ਕਿੱਦਾਂ ਮੰਨੇ ਕਿ ਉਸਦੀ ਮਾਂ ਰੱਬ ਦਾ ਰੂਪ ਹੈ। ਉਸ ਨੇ ਕਿਹਾ ਕਿ ਚੰਗੀ ਮਾਂ ਉਹ ਹੁੰਦੀ ਹੈ ਜੋ ਆਪਣੇ ਪੁੱਤਰ ਦੀ ਚੰਗੀ ਪਰਵਰਿਸ਼ ਕਰੇ ਉਸ ਦੇ ਦੁੱਖ ਸੁੱਖ ਦਾ ਖ਼ਿਆਲ ਰੱਖੇ ਪ੍ਰੰਤੂ ਉਸ ਦੀ ਮਾਂ ਨੇ ਅਜਿਹਾ ਉਸ ਨਾਲ ਕੁਝ ਵੀ ਨਹੀਂ ਕੀਤਾ। ਉਸ ਨੇ ਕਿਹਾ ਕਿ ਜਦੋਂ ਉਸ ਨੂੰ ਮਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਉਸ ਦੇ ਸਿਰ ਵਿੱਚ ਡੰਡਾ ਮਾਰ ਕੇ ਮਾਰ ਦਿੱਤਾ। ਉਸ ਨੇ ਕਿਹਾ ਕਿ ਉਹ ਰੋਜ਼ਾਨਾ ਪੈਸੇ ਨਹੀਂ ਮੰਗਦਾ ਸੀ ਕਦੇ ਕਦੇ 50 ਰੁਪਏ ਮੰਗਦਾ ਸੀ ਜੋ ਉਸ ਨੂੰ ਨਹੀਂ ਮਿਲਦੇ ਸਨ।
ਮਿ੍ਤਕ ਮਾਂ ਦੀ ਫਾਈਲ ਫੋਟੋ।
ਉਸ ਨੂੰ ਘਰ ਤੋਂ ਰੋਟੀ ਵੀ ਨਹੀਂ ਮਿਲਦੀ ਸੀ ਉਹ ਰੋਟੀ ਖਾਣ ਲਈ ਗੁਰਦੁਆਰੇ ਜਾਂਦਾ ਸੀ। ਉਸ ਨੇ ਕਿਹਾ ਕਿ ਮੇਰੇ ਕੋਲ ਪਹਿਨਣ ਵਾਸਤੇ ਕੋਈ ਢੰਗ ਦਾ ਕੱਪੜਾ ਵੀ ਨਹੀਂ ਸੀ ਕਿਉਂਕਿ ਉਸ ਦੀ ਮਾਂ ਉਸ ਨੂੰ ਕੱਪੜੇ ਵੀ ਨਹੀਂ ਲੈਣ ਦਿੰਦੀ ਸੀ ਨਾ ਉਸ ਨੂੰ ਦਵਾਈ ਤੇ ਨਾ ਹੋਰ ਕੁਝ ਖਰਚਣ ਵਾਸਤੇ ਮਾਂ ਨੇ ਕਦੇ ਪੈਸੇ ਨਹੀਂ ਦਿੱਤੇ ਸਨ। ਉਸ ਨੇ ਕਿਹਾ ਕਿ ਕਈ ਸਾਲ ਵਿਦੇਸ਼ ਵਿੱਚ ਰਹਿ ਕੇ ਵੀ ਉਸ ਦਾ ਇੱਥੇ ਇੱਕ ਜਾਨਵਰ ਤੋਂ ਭੈੜਾ ਹਾਲ ਸੀ ਹੋ ਬੀਤੇ 3-4 ਸਾਲਾਂ ਤੋਂ ਇੱਕ ਜ਼ਿੰਦਾ ਲਾਸ਼ ਬਣਿਆ ਹੋਇਆ ਹੈ ਬਸ ਅਜਿਹੀ ਮਾਨਸਿਕ ਤਣਾਅ ਨੇ ਅਖੀਰ ਉਸ ਨੂੰ ਆਪਣੀ ਮਾਂ ਦਾ ਕਤਲ ਕਰਨ ਲਈ ਮਜਬੂਰ ਕਰ ਦਿੱਤਾ। ਉਸ ਨੇ ਕਿਹਾ ਕਿ ਵਿਦੇਸ਼ ਵਿੱਚ ਉਸਦੀ ਕੋਈ ਪਤਨੀ ਨਹੀਂ ਹੈ ਅਤੇ ਨਾ ਹੀ ਕੋਈ ਬੱਚਾ ਹੈ ਉਸ ਨੇ ਕਿਹਾ ਮਾਂ ਸ਼ਬਦ ਕਹਿਣਾ ਬਹੁਤ ਸੌਖਾ ਹੈ। ਸਿਰਫ਼ ਬੱਚਾ ਪੈਦਾ ਕਰਨ ਨਾਲ ਮਾਂ ਇੱਕ ਮਾਂ ਨਹੀਂ ਬਣ ਜਾਂਦੀ ਪਰ ਮਾਂ ਨੂੰ ਬੱਚੇ ਲਈ ਬਹੁਤ ਕੁਝ ਤਿਆਗ ਕਰਨਾ ਪੈਂਦਾ ਹੈ ਜੋ ਕਿ ਉਸ ਦੀ ਮਾਂ ਨੇ ਉਸ ਨਾਲ ਬਿਲਕੁਲ ਨਹੀਂ ਕੀਤਾ। ਇਸ ਲਈ ਉਸ ਨੂੰ ਆਪਣੀ ਮਾਂ ਦੀ ਹੱਤਿਆ ਦਾ ਕੋਈ ਦੁੱਖ ਨਹੀਂ ਹੈ। ਉਸਨੇ ਕਿਹਾ ਕਿ ਇਕ ਦਿਨ ਉਸਨੇ ਵੀ ਉੱਪਰ ਪ੍ਰਮਾਤਮਾ ਕੋਲ ਚਲੇ ਜਾਣਾ ਹੈ ਜਿਸ ਦਾ ਉਸ ਨੂੰ ਪਤਾ ਹੈ। ਉਸ ਨੇ ਕਿਹਾ ਕਿ ਇਹ ਸਾਰੇ ਕਹਿੰਦੇ ਹਨ ਕਿ ਮੈਂ ਮਾਂ ਦਾ ਕਤਲ ਕੀਤਾ ਹੈ ਬਹੁਤ ਗ਼ਲਤ ਕੀਤਾ ਹੈ ਪ੍ਰੰਤੂ ਇਹ ਕਿਉਂ ਕੀਤਾ ਹੈ ਇਸ ਉੱਪਰ ਵੀ ਸੋਚਣ ਦੀ ਜ਼ਰੂਰਤ ਹੈ। ਇਸ ਘਟਨਾਕ੍ਰਮ ਵਿੱਚ ਕੁਝ ਵੀ ਹੋਵੇ ਅੱਜ ਦੇ ਯੁੱਗ ਵਿੱਚ ਇਸ ਘਟਨਾ ਨੇ ਮਾਂ ਪੁੱਤਰ ਦੇ ਰਿਸ਼ਤੇ ਨੂੰ ਵੀ ਜਰੂਰ ਦਾਗ਼ਦਾਰ ਕੀਤਾ ਹੈ ਅਤੇ ਜੋ ਇਸ ਪਵਿੱਤਰ ਰਿਸ਼ਤੇ ਦੀ ਮਿਠਾਸ ਹੁੰਦੀ ਹੈ ਉਸ ਨੂੰ ਵੀ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ ਹੈ।