ਪਰਵਾਸੀ ਪੰਜਾਬੀਆਂ ਵੱਲੋਂ ਸੰਤ ਸੀਚੇਵਾਲ ਨੂੰ ਰਾਜ ਸਭਾ ਵਿੱਚ ਭੇਜਣ ਦੇ ਫੈਸਲੇ ਦਾ ਸਵਾਗਤ
ਜ਼ਮੀਨ ਨਾਲ ਜੁੜੇ ਸੰਤ ਸੀਚੇਵਾਲ ਦਾ ਪੇਂਡੂ ਇਲਾਕੇ ਨਾਲ ਸਿੱਧਾ ਸੰਬੰਧ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ,31 ਮਈ 2022
ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਵਿੱਚ ਭੇਜਣ ਲਈ ਉਮੀਦਵਾਰ ਨਾਮਜ਼ਦ ਕੀਤੇ ਜਾਣ ਦੇ ਫੈਸਲੇ ਦਾ ਪਰਵਾਸੀ ਪੰਜਾਬੀਆਂ ਨੇ ਵੱਡਾ ਹੁੰਗਾਰਾ ਭਰਿਆ ਹੈ। ਅਮਰੀਕਾ,ਕਨੇਡਾ,ਇੰਗਲੈਂਡ,ਆਸਟ੍ਰੇਲੀਆ,ਫਰਾਂਸ,ਇਟਲੀ,ਨੀਦਰਲੈਂਡ ਤੇ ਜਰਮਨੀ ਸਮੇਤ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਵੱਸਦੇ ਪਰਵਾਸੀ ਪੰਜਾਬੀਆਂ ਅਤੇ ਉਥੋਂ ਦੇ ਵਾਤਾਵਰਨ ਪ੍ਰੇਮੀਆਂ ਨੇ ਆਪ ਦੇ ਇਸ ਫੈਸਲੇ ਨੂੰ ਪੰਜਾਬ ਪੱਖੀ ਦੱਸਦਿਆ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜਿੱਥੇ ਪੰਜਾਬ ਦੇ ਪੇਂਡੂ ਇਲਾਕੇ ਦੀ ਪ੍ਰਤੀਨਿਧਤਾ ਕਰਨਗੇ ਉਥੇ ਉਹ ਧੁਰ ਅੰਦਰ ਤੱਕ ਜ਼ਮੀਨ ਨਾਲ ਜੁੜੇ ਹੋਏ ਹਨ।ਪਰਵਾਸੀ ਪੰਜਾਬੀਆਂ ਦਾ ਮੰਨਣਾ ਹੈ ਕਿ ਸੰਤ ਸੀਚੇਵਾਲ ਪੰਜਾਬ ਦੀ ਅਸਲ ਮੁੱਦਿਆਂ ਨੂੰ ਰਾਜ ਸਭਾ ਵਿੱਚ ਪੇਸ਼ ਕਰਨ ਦੇ ਸਮਰੱਥ ਹਨ।ਪੰਜਾਬ ਇਸ ਸਮੇਂ ਡੂੰਘੇ ਖੇਤੀ ਸੰਕਟ ਵਿੱਚੋਂ ਲੰਘ ਰਿਹਾ ਹੈ। ਤੀਜੇ ਪੱਤਣ ਵਿੱਚੋਂ ਵੱਡੀਆਂ ਮੋਟਰਾਂ ਨਾਲ ਪਾਣੀ ਖਿੱਚਣ ਕਾਰਨ ਪੰਜਾਬ ਦੀ ਹੋਂਦ `ਤੇ ਹੀ ਖਤਰਾ ਮੰਡਰਾਉਂਣ ਲੱਗ ਪਿਆ ਹੈ ਕਿ ਸੂਬੇ ਕੋਲ ਸਿਰਫ 17 ਸਾਲਾਂ ਦਾ ਪਾਣੀ ਬਚਿਆ ਹੈ।
ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਅੰਦਰ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਭਾਰਤ ਦੀ ਰਾਜ ਸਭਾ ਲਈ ਮੈਂਬਰ ਨਾਮਜ਼ਦ ਕਰਨ ਸਬੰਧੀ ਇੱਕ ਆਨਲਾਈਨ ਮੀਟਿੰਗ ਹੋਈ। ਮੀਟਿੰਗ ਵਿੱਚ ਇਹ ਵਿਚਾਰ ਸਾਹਮਣੇ ਆਇਆ ਕਿ ਸੀਚੇਵਾਲ ਜੀ ਦੇ ਰਾਜ ਸਭਾ ਮੈਂਬਰ ਬਣ ਜਾਣ ਨਾਲ "ਪੰਜਾਬ" ਦੇ ਹਿੱਤਾਂ ਦੀ ਰਾਜ ਸਭਾ ਅੰਦਰ ਹੋਰ ਸਹੀ ਨੁਮਾਇੰਦਗੀ ਹੋ ਸਕੇਗੀ। ਦੂਜਾ ਕਾਰਨ ਇਹ ਹੈ ਕਿ ਸੰਤ ਸੀਚੇਵਾਲ ਇੱਕ ਮੰਨੇ ਪ੍ਰਮੰਨੇ ਵਾਤਾਵਰਨ ਪ੍ਰੇਮੀ ਹਨ ਅਤੇ ਵਾਤਾਵਰਨ ਤਬਦੀਲੀ ਦੇ ਦੌਰ ਵਿੱਚ ਸਮੁੱਚੇ ਦੇਸ਼ ਦੇ ਹਿੱਤਾਂ ਲਈ "ਸੀਚੇਵਾਲ ਮਾਡਲ" ਇਕ ਚਾਨਣ ਮੁਨਾਰੇ ਵਾਂਗ ਕੰਮ ਕਰੇਗਾ।
ਇਸ ਮੀਟਿੰਗ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਿਡਨੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਪੰਜਾਬੀ ਲੇਖਕ ਅਤੇ ਪੰਜਾਬੀ ਸੱਥ ਆਸਟ੍ਰੇਲੀਆ ਦੇ ਸੰਚਾਲਕ ਗਿਆਨੀ ਸੰਤੋਖ ਸਿੰਘ,ਪ੍ਰੋ ਸੁਖਵੰਤ ਸਿੰਘ ਗਿੱਲ, ਸੁਖਜਿੰਦਰ ਸਿੰਘ ਸਿਡਨੀ,ਪ੍ਰੋ: ਹਰਬੰਸ ਸਿੰਘ ਬਰਿਆਣਾ, ਸਤਨਾਮ ਸਿੰਘ ਬਾਜਵਾ, ਕੁਲਵਿੰਦਰ ਸਿੰਘ ਬਾਜਵਾ, ਰਣਜੀਤ ਸਿੰਘ ਖੈੜਾ ਅਤੇ ਪ੍ਰਿੰਸੀਪਲ ਕੁਲਵੰਤ ਕੌਰ ਪ੍ਰਮੁੱਖ ਸਨ।
ਇਸੇ ਤਰ੍ਹਾਂ ਜਰਮਨੀ ਤੋਂ ਸੰਤ ਅਜੀਤ ਸਿੰਘ,ਫਰਾਂਸ ਤੋਂ ਮਨਜੀਤ ਸਿੰਘ ਗੌਰਸੀਆ,ਇੰਗਲੈਂਡ ਤੋਂ ਹਰਜਿੰਦਰ ਸਿੰਘ ਹੇਅਰ,ਕਨੇਡਾ ਤੋਂ ਚੇਅਰਮੈਨ ਤਰਸੇਮ ਸਿੰਘ ਤੇ ਅਮਰੀਕਾ ਤੋਂ ਮਲਕੀਤ ਸਿੰਘ ਬੋਪਾਰਾਏ,ਨੀਂਦਰਲੈਂਡ ਤੋ ਅਮਰਜੀਤ ਸਿੰਘ ਹਾਲੈਂਡ, ਇਟਲੀ ਤੋਂ ਜਸਪਾਲ ਸਿੰਘ ਅਤੇ ਹੋਰ ਪਰਵਾਸੀ ਪੰਜਾਬੀ ਸ਼ਾਮਿਲ ਸਨ।ਇੰਨ੍ਹਾਂ ਪਰਵਾਸੀ ਪੰਜਾਬੀਆਂ ਨੇ ਇਕਜੁਟਤਾ ਨਾਲ ਕਿਹਾ ਕਿ ਸੰਤ ਸੀਚੇਵਾਲ ਦੀ ਰਾਜ ਸਭਾ ਵਾਸਤੇ ਸਹੀ ਚੋਣ ਹੈ।ਉਹ ਬਾਬੇ ਨਾਨਕ ਦੇ ਫਲਸਫੇ ਰਾਹੀ ਵਾਤਾਵਰਨ ਦਾ ਮੁੱਦਾ ਰਾਜ ਸਭਾ ਵਿੱਚ ਰੱਖਣਗੇ ਅਤੇ ਪੰਜਾਬ ਦੇ ਹੱਕਾਂ ਹਿੱਤਾਂ ਦੀ ਸਹੀ ਢੰਗ ਨਾਲ ਉਠਾਉਣ ਲਈ ਯਤਨਸ਼ੀਲ ਰਹਿਣਗੇ।