ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਅਤੇ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ,21ਮਈ2022: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਆਪਣੇ 44 ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਅਤੇ 7 ਛੋਟੀ ਮਿਆਦ ਦੇ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਕਾਦਮਿਕ ਸੈਸ਼ਨ 2022-23 ਵਿੱਚ ਯੂਨੀਵਰਸਿਟੀ ਨੇ 44 ਪੀਜੀ ਪ੍ਰੋਗਰਾਮਾਂ ਵਿੱਚ 1381 ਸੀਟਾਂ ਅਤੇ 7 ਥੋੜ੍ਹੇ ਸਮੇਂ ਦੇ ਕੋਰਸਾਂ ਵਿੱਚ 105 ਸੀਟਾਂ ਲਈ ਅਰਜੀਆਂ ਮੰਗੀਆਂ ਹਨ। ਉਮੀਦਵਾਰ ਸੰਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ “ਸੀਯੂਈਟੀ (ਪੀਜੀ) - 2022” ਦੀ ਵੈੱਬਸਾਈਟ ਤੇ ਜਾ ਕੇ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਅਤੇ ਅਰਜੀ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਕਿਹਾ ਕਿ ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਜਾਂਦੇ ਸਾਰੇ ਪੀਜੀ ਪ੍ਰੋਗਰਾਮ ਅਤੇ ਥੋੜ੍ਹੇ ਸਮੇਂ ਦੇ ਕੋਰਸ ਉਦਯੋਗ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਦੇ ਹੁਨਰ ਵਿਕਾਸ ‘ਤੇ ਕੇਂਦਿ੍ਰਤ ਹਨ। ਪ੍ਰੋ. ਤਿਵਾੜੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਦਾਖਲੇ ਲਈ ਅਪਲਾਈ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਮੌਜੂਦ ਵੱਖ -ਵੱਖ ਪੋਸਟ ਗ੍ਰੈਜੂਏਟ ਅਤੇ ਥੋੜ੍ਹੇ ਸਮੇਂ ਦੇ ਕੋਰਸਾਂ ਲਈ ਸੀਟਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਯੋਗਤਾ ਦੇ ਮਾਪਦੰਡਾਂ ਦੇ ਵੇਰਵਿਆਂ ਨੂੰ ਪੜ੍ਹਨ।
ਯੂਨੀਵਰਸਿਟੀ ਦੀ ਦਾਖਲਾ ਸ਼ਾਖਾ ਦੇ ਅਨੁਸਾਰ ਜੋ ਉਮੀਦਵਾਰ “ਸੀਯੂਈਟੀ (ਪੀਜੀ) 2022” ਪ੍ਰੀਖਿਆ ਰਾਹੀਂ ਯੂਨੀਵਰਸਿਟੀ ਦੇ ਪੀਜੀ ਪ੍ਰੋਗਰਾਮਾਂ ਅਤੇ ਥੋੜ੍ਹੇ ਸਮੇਂ ਦੇ ਕੋਰਸਾਂ ਵਿੱਚ ਦਾਖਲੇ ਲਈ ਅਰਜੀ ਦੇਣ ਦੇ ਇੱਛੁਕ ਹਨ, ਉਹ ਐਨਟੀਏ ਦੀ ਵੈੱਬਸਾਈਟ ਜਾਂ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਮਿਤੀ 18 ਜੂਨ 2022 ਤੱਕ ਆਨਲਾਈਨ ਅਰਜੀਆਂ ਦੇ ਸਕਦੇ ਹਨ। ਯੂਨੀਵਰਸਿਟੀ ਆਪਣੇ ਮਿਸ਼ਨ ਨੂੰ ਸਾਕਾਰ ਕਰਨ ਲਈ 44 ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਦੇ ਨਾਲ ਵੱਖ -ਵੱਖ ਅਕਾਦਮਿਕ ਵਿਸ਼ਿਆਂ ਤੇ ਖੇਤਰਾਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਦੀ ਹੈ ਜਿਸ ਵਿੱਚ ਵੱਡੀ ਗਿਣਤੀ ਅਹਿਮ ਵਿਸ਼ੇ ਸ਼ਾਮਲ ਹਨ।
ਇਸ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀ ਅਕਾਦਮਿਕ ਸੈਸ਼ਨ 2022-23 ਤੋਂ ਪੰਜਾਬੀ ਟਰਾਂਸਲੇਸ਼ਨ, ਨਿਊਰਲ ਨੈੱਟਵਰਕ ਅਤੇ ਡੀਪ ਲਰਨਿੰਗ, ਫ੍ਰੈਂਚ, ਕੰਪਿਊਟੇਸ਼ਨਲ ਲਿੰਗੁਇਸਟਿਕਸ, ਜੀਓ-ਇਨਫੋਰਮੈਟਿਕਸ, ਡੈਟਾ ਸਾਇੰਸਜ ਫ਼ਾਰ ਬਾਇਓ-ਇਨਫ਼ਾਰਮੈਟਿਕਸ ਅਤੇ ਹਿੰਦੀ ਟਰਾਂਸਲੇਸ਼ਨ ਵਰਗੇ ਵਿਸ਼ਿਆਂ ਵਿੱਚ 3 ਪੀਜੀ ਡਿਪਲੋਮਾ ਅਤੇ 4 ਸਰਟੀਫਿਕੇਟ ਕੋਰਸ ਪ੍ਰਦਾਨ ਕਰ ਰਹੀ ਹੈ।