ਨਸ਼ਿਆਂ ਦੇ ਖਿਲਾਫ਼ ਸੂਚਨਾ ਦੇਣ ਲਈ ਜ਼ਿਲ੍ਹਾ ਪੁਲਿਸ ਫਰੀਦਕੋਟ ਵੱਲੋਂ ਜਾਰੀ ਕੀਤਾ ਗਿਆ ਵੱਟਸਐਪ ਨੰਬਰ- ਐਸ.ਐਸ. ਪੀ
- ਵੱਟਸਐਪ ਨੰਬਰ:75270-29029 ਤੇ ਦਿੱਤੀ ਜਾ ਸਕਦੀ ਹੈ ਨਸ਼ਿਆਂ ਸੰਬੰਧੀ ਜਾਣਕਾਰੀ
- ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 21 ਮਈ 2022 - ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੀ ਕੜੀ ਵਜੋ ਜਿ਼ਲ੍ਹਾ ਪੁਲਿਸ ਅਵਨੀਤ ਕੌਰ ਸਿੱਧੂ, ਐਸ.ਐਸ.ਪੀ. ਫਰੀਦਕੋਟ ਵੱਲੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜਿ਼ਲ੍ਹਾ ਪੁਲਿਸ ਫਰੀਦਕੋਟ ਜਿ਼ਲ੍ਹਾ ਫਰੀਦਕੋਟ ਨੂੰ ਨਸ਼ਾ ਮੁਕਤ ਕਰਨ ਲਈ ਵੱਚਨਬੱਧ ਹੈ। ਇਸ ਉਪਰਾਲੇ ਨੂੰ ਪੂਰੀ ਤਰ੍ਹਾਂ ਸਫਲ ਫਿਰ ਹੀ ਬਣਾਇਆ ਜਾ ਸਕਦਾ ਹੈ, ਜੇਕਰ ਆਮ ਪਬਲਿਕ ਇਸ ਮਕਸਦ ਲਈ ਜਿ਼ਲ੍ਹਾ ਪੁਲਿਸ ਫਰੀਦਕੋਟ ਦਾ ਸਹਿਯੋਗ ਕਰੇ ।
ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਪੁਲਿਸ ਫਰੀਦਕੋਟ ਵੱਲੋ ਇੱਕ ਵੱਟਸਐਪ ਨੰਬਰ:75270-29029 ਜਾਰੀ ਕੀਤਾ ਗਿਆ। ਇਸ ਨੰਬਰ ਤੇ ਕੋਈ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਬਾਰੇ ਟੈਕਸਟ ਮੈਸਿਜ ਜਾਂ ਵੱਟਸਐਪ ਮੈਸਿਜ ਰਾਹੀ ਜਾਣਕਾਰੀ ਦੇ ਸਕਦਾ ਹੈ। ਇਸ ਨੰਬਰ ਤੇ ਕੋਈ ਕਾਲ ਨਾ ਕੀਤੀ ਜਾਵੇ ।ਇਹ ਨੰਬਰ ਉਨ੍ਹਾਂ ਵੱਲੋ ਖੁਦ(ਐਸ.ਐਸ.ਪੀ. ਵੱਲੋ) ਹੀ ਚਲਾਇਆ ਜਾਵੇਗਾ ।
ਇਸ ਲਈ ਉਨ੍ਹਾਂ ਵੱਲੋ ਜਿ਼ਲ੍ਹਾ ਫਰੀਦਕੋਟ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਬੇਝਿਜਕ ਅਤੇ ਬਿਨਾ ਕਿਸੇ ਡਰ-ਭੈਅ ਦੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ, ਮਾੜੇ ਅਨਸਰਾਂ ਬਾਰੇ ਬਿਨਾਂ ਕਿਸੇ ਰੰਜਿਸ਼ ਦੇ ਸਹੀ ਜਾਣਕਾਰੀ ਇਸ ਨੰਬਰ ਤੇ ਦੇ ਕੇ ਜਿ਼ਲ੍ਹਾ ਫਰੀਦਕੋਟ ਨੂੰ ਨਸ਼ਾ ਮੁਕਤ ਜਿ਼ਲ੍ਹਾ ਬਣਾਉਣ ਅਤੇ ਇਸ ਜਿ਼ਲ੍ਹਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਆਪਣਾ ਸਹਿਯੋਗ ਦੇਣ । ਇਸ ਨੰਬਰ ਤੇ ਪ੍ਰਾਪਤ ਹੋਈ ਸੂਚਨਾ ਤਸਦੀਕ ਕਰਨ ਉਪਰੰਤ ਜਾਣਕਾਰੀ ਸਹੀ ਪਾਏ ਜਾਣ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਬਿਲਕੁਲ ਗੁਪਤ ਰੱਖੀ ਜਾਵੇਗਾ । ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਜਿ਼ਲ੍ਹਾ ਪੁਲਿਸ ਫਰੀਦਕੋਟ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵੱਚਨਬੱਧ ਹੈ ।
ਉਨ੍ਹਾਂ ਵੱਲੋ ਜਿ਼ਲ੍ਹਾ ਫਰੀਦਕੋਟ ਅੰਦਰ ਪੜ੍ਹ ਰਹੇ ਲੜਕੇ/ਲੜਕੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਅਤੇ ਇਸ ਬਿਮਾਰੀ ਤੋ ਖੁਦ ਸੁਚੇਤ ਰਹਿਣ ਅਤੇ ਆਪਣੇ ਚੁਗਿਰਦੇ ਵਿੱਚ ਰਹਿ ਰਹੇ ਦੋਸਤਾਂ/ਮਿਤਰਾਂ/ਰਿਸ਼ਤੇਦਾਰਾਂ ਨੂੰ ਸੁਚੇਤ ਰਹਿਣ ਲਈ ਪ੍ਰੇਰਿਤ ਕਰਨ ਬਾਰੇ ਕੌਫੀ ਵਿਦ ਐਸ.ਐਸ.ਪੀ. ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ। ਇਸ ਪ੍ਰੋਗਰਾਮ ਤਹਿਤ ਮਿਤੀ 21-05-2022 ਨੂੰ ਕੌਫੀ ਵਿਦ ਐਸ.ਐਸ.ਪੀ. ਪ੍ਰੋਗਰਾਮ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਹੀ ਉਕਤ ਵਟਸੈਪ ਨੰਬਰ:75270-29029 ਜਾਰੀ ਕੀਤਾ ਗਿਆ ।