ਔਰਤ ਨਾਲ ਜਿਣਸੀ ਛੇੜਛਾੜ ਕਰਨ ਦੇ ਦੋਸ਼ ਚ ਖਾਲੜਾ ਪੁਲਸ ਵੱਲੋਂ 2 ਖਿਲਾਫ ਮਾਮਲਾ ਦਰਜ
ਲਖਵਿੰਦਰ ਸਿੰਘ ਵਲਟੋਹਾ
ਪੱਟੀ, 19 ਮਈ 2022- ਥਾਣਾ ਖਾਲੜਾ ਦੀ ਪੁਲਸ ਨੇ ਤਲਾਕ ਸ਼ੁਦਾ ਨਾਲ ਜਿਣਸੀ ਛੇੜਛਾੜ ਕਰਨ 'ਤੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਥਾਣਾ ਖਾਲੜਾ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦਰਖ਼ਾਸਤ-ਕਰਤਾ ਔਰਤ ਨੇ ਦੋਸ਼ ਲਾਇਆ ਕਿ, ਉਸ ਦੀ ਸ਼ਾਦੀ 13 ਸਾਲ ਪਹਿਲਾਂ ਹਰਜੀਤ ਸਿੰਘ ਪੁੱਤਰ ਮੇਹਰਬਾਨ ਸਿੰਘ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਨਾਲ ਹੋਈ ਸੀ ਅਤੇ ਸ਼ਾਦੀ ਤੋਂ ਬਾਅਦ ਮੇਰੇ ਘਰ ਦੋ ਬੇਟੀਆਂ ਨੇ ਜਨਮ ਲਿਆ। ਔਰਤ ਨੇ ਦੱਸਿਆ ਕਿ ਉਸਦਾ ਪਤੀ ਅਕਸਰ ਨਸ਼ੇ ਕਰਨ ਦਾ ਆਦੀ ਸੀ, ਜਿਸ ਕਾਰਨ ਬੀਤੇ ਚਾਰ ਸਾਲ ਪਹਿਲਾਂ ਸਾਡੇ ਦੋਵਾਂ ਪਤੀ ਪਤਨੀ ਦੀ ਕੋਈ ਅਣ-ਬਣ ਹੋਣ ਕਾਰਨ ਮੈਂ ਬੀਤੇ ਚਾਰ ਸਾਲ ਤੋਂ ਆਪਣੇ ਪੇਕੇ ਪਿੰਡ ਖਾਲੜੇ ਰਹਿ ਰਹੀ ਹਾਂ।
ਔਰਤ ਨੇ ਦੱਸਿਆ ਕਿ 16 ਮਈ ਨੂੰ ਸਵੇਰੇ ਕਰੀਬ ਗਿਆਰਾਂ ਵਜੇ ਉਹ ਆਪਣੇ ਘਰ ਦਾ ਕੂੜਾ ਸੁੱਟਣ ਸ਼ਾਮਲਾਟ ਵਾਲੀ ਜਗ੍ਹਾ ਤੇ ਗਈ ਸੀ ਕਿ ਉੱਥੇ ਕੂੜਾ ਸੁੱਟਣ ਤੇ ਚਰਨਜੀਤ ਸਿੰਘ ਪੁੱਤਰ ਛਿੰਦਾ ਸਿੰਘ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਪ੍ਰੰਤੂ ਮੇਰੇ ਵੱਲੋਂ ਉਸ ਨੂੰ ਇੱਥੇ ਦੁਬਾਰਾ ਕੂੜਾ ਨਹੀਂ ਸੁੱਟਣ ਦਾ ਭਰੋਸਾ ਦਿੱਤਾ ਅਤੇ ਉਸੇ ਰਾਤ ਹੀ ਕਰੀਬ ਸਾਢੇ ਨੌਂ ਵਜੇ ਸੁਰਿੰਦਰਪਾਲ ਉਰਫ ਡਿਪਟੀ ਸਿੰਘ ਪੁੱਤਰ ਸੁਖਦੇਵ ਸਿੰਘ ਉਰਫ ਦੇਬਾ ਅਤੇ ਚਰਨਜੀਤ ਸਿੰਘ ਪੁੱਤਰ ਛਿੰਦਾ ਸਿੰਘ ਸਾਡੇ ਘਰ ਵਿਚ ਦਾਖ਼ਲ ਹੋਈ ਅਤੇ ਬਿਨਾਂ ਕੁਝ ਬੋਲੇ ਮੇਰੇ ਪਿਤਾ ਕੁਲਦੀਪ ਸਿੰਘ ਅਤੇ ਮਾਤਾ ਨਿੰਮੋ ਅਤੇ ਮੇਰੇ ਬੱਚਿਆਂ ਨੂੰ ਧੱਕੇ ਮਾਰ ਕੇ ਇਕ ਕਮਰੇ ਅੰਦਰ ਬੰਦ ਕਰ ਦਿੱਤਾ।
ਔਰਤ ਨੇ ਦੱਸਿਆ ਕਿ ਉਸ ਨੂੰ ਉਕਤ ਦੋਵੇਂ ਵਿਅਕਤੀਆਂ ਨੇ ਬਰਾਂਡੇ ਵਿੱਚ ਪਏ ਬੈੱਡ ਉੱਪਰ ਸੁੱਟ ਕੇ ਉਸ ਦੀ ਗਲ ਪਈ ਟੀ-ਸ਼ਰਟ ਨੂੰ ਅੱਗੋਂ ਖਿੱਚਿਆ ਅਤੇ ਟੀ ਸ਼ਰਟ ਪਾੜ ਗਈ ਤੇ ਦੋਨਾਂ ਵਿਅਕਤੀਆਂ ਨੇ ਉਸ ਨਾਲ ਜਿਣਸੀ ਛੇੜਛਾੜ ਕੀਤੀ, ਜਦ ਮੈਂ ਰੌਲਾ ਪਾਇਆ ਤਾਂ ਉਕਤ ਦੋਵੇਂ ਵਿਅਕਤੀ ਮੌਕੇ ਤੋਂ ਦੌੜ ਗਏ। ਉਥੇ ਹੀ ਥਾਣਾ ਖਾਲੜਾ ਦੀ ਪੁਲਸ ਨੇ ਪੀਡ਼ਤ ਔਰਤ ਦੇ ਬਿਆਨਾਂ ਦੇ ਆਧਾਰ ਤੇ ਘਰ ਅੰਦਰ ਦਾਖਲ ਹੋ ਕੇ ਜਿਣਸੀ ਛੇੜਛਾੜ ਕਰਨ ਵਿਰੁੱਧ ਧਾਰਾ 452,354,342 ਅਤੇ ਚੌਂਤੀ ਆਈ ਪੀ ਸੀ ਐਕਟ ਤਹਿਤ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।