ਸਾਬਕਾ ਵਿਧਾਇਕ ਢਿਲੋਂ ਦੇ ਸ਼ਰਾਬ ਠੇਕਿਆਂ ਤੇ ਕੰਮ ਕਰਨ ਵਾਲੇ ਨੌਜਵਾਨ ਦਾ ਕਤਲ
ਬਾਬੂਸ਼ਾਹੀ ਨੈੱਟਵਰਕ
ਸਮਰਾਲਾ, 19 ਮਈ 2022- ਸਮਰਾਲਾ ਚ ਆਏ ਦਿਨ ਕਤਲ ਹੋ ਰਹੇ ਹਨ। ਜਿਸ ਨਾਲ ਲੋਕਾਂ ਚ ਦਹਿਸ਼ਤ ਦਾ ਮਾਹੌਲ ਹੈ। ਹਾਲੇ ਨਿਹੰਗਾਂ ਵੱਲੋਂ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰਨ ਦਾ ਮਾਮਲਾ ਸ਼ਾਂਤ ਨਹੀਂ ਹੋਇਆ ਸੀ ਕਿ ਭਗਵਾਨਪੁਰਾ ਪਿੰਡ ਕੋਲੋਂ ਇੱਕ ਹੋਰ ਨੌਜਵਾਨ ਦੀ ਲਾਸ਼ ਮਿਲ ਗਈ। ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਸ਼ਰਾਬ ਠੇਕਿਆਂ ਉਪਰ ਕੰਮ ਕਰਨ ਵਾਲੇ ਇਸ ਨੌਜਵਾਨ ਦਾ ਕਤਲ ਕੀਤਾ ਗਿਆ। ਮ੍ਰਿਤਕ ਯਾਦਵਿੰਦਰ ਸਿੰਘ ਦੀਪਾ (35) ਪਿੰਡ ਮੁੱਤੋਂ ਦਾ ਰਹਿਣ ਵਾਲਾ ਸੀ ਅਤੇ ਨਾਨੋਵਾਲ ਵਿਖੇ ਸ਼ਰਾਬ ਠੇਕੇ ਉਪਰ ਕੰਮ ਕਰਦਾ ਸੀ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦਸਿਆ ਕਿ ਯਾਦਵਿੰਦਰ ਸਿੰਘ ਕਦੇ ਕਦੇ ਘਰ ਆਉਂਦਾ ਸੀ। ਬੁੱਧਵਾਰ ਦੀ ਰਾਤ ਕਰੀਬ 11 ਵਜੇ ਯਾਦਵਿੰਦਰ ਨੇ ਘਰ ਫੋਨ ਕੀਤਾ ਕਿ ਉਹ ਸਮਰਾਲਾ ਪਹੁੰਚ ਗਿਆ ਹੈ। ਇਸਤੋਂ ਬਾਅਦ ਕਾਫੀ ਸਮਾਂ ਯਾਦਵਿੰਦਰ ਘਰ ਨਹੀਂ ਆਇਆ ਤਾਂ ਪਰਿਵਾਰ ਵਾਲੇ ਭਾਲ ਕਰਨ ਲੱਗੇ। ਯਾਦਵਿੰਦਰ ਦਾ ਮੋਟਰਸਾਇਕਲ ਸੜਕ ਕਿਨਾਰੇ ਮਿਲਿਆ ਤਾਂ ਪਰਿਵਾਰ ਵਾਲਿਆਂ ਨੂੰ ਲੱਗਿਆ ਕਿ ਐਕਸੀਡੈਂਟ ਹੋ ਗਿਆ ਹੈ ਤਾਂ ਉਹ ਸਰਕਾਰੀ ਹਸਪਤਾਲ ਗਏ। ਹਸਪਤਾਲ ਚ ਯਾਦਵਿੰਦਰ ਨਹੀਂ ਸੀ। ਸਵੇਰੇ ਪਤਾ ਲੱਗਿਆ ਕਿ ਯਾਦਵਿੰਦਰ ਦੀ ਲਾਸ਼ ਖੇਤਾਂ ਚ ਪਈ ਹੈ। ਲਾਸ਼ ਦੇ ਕੋਲ ਡੰਡਾ ਪਿਆ ਸੀ ਅਤੇ ਯਾਦਵਿੰਦਰ ਦੀਆਂ ਚੱਪਲਾਂ ਸਨ। ਮੋਟਰਸਾਈਕਲ ਵੀ ਭੰਨਿਆ ਹੋਇਆ ਦੀ।
ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਜੰਗਲ ਰਾਜ ਹੈ। ਇੱਕ ਮਹੀਨੇ ਦੌਰਾਨ ਅਨੇਕ ਕਤਲ ਹੋ ਗਏ। ਸਮਰਾਲਾ ਵਿਖੇ ਵੀ ਲਗਾਤਾਰ ਕਤਲ ਹੋ ਰਹੇ ਹਨ। ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਹਲਕਾ ਵਿਧਾਇਕ ਨੂੰ ਵੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਹੈ।
ਮੌਕੇ ਤੇ ਪੁੱਜੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਨੌਜਵਾਨ ਦੀ ਕੁੱਟਮਾਰ ਕਰਕੇ ਕਤਲ ਕੀਤਾ ਗਿਆ ਹੈ। ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਮਾਮਲਾ ਲੁੱਟ ਖੋਹ ਦਾ ਹੈ ਜਾਂ ਰੰਜਿਸ਼ ਦਾ।