1947 ਦੇ ਦੰਗਿਆਂ 'ਚ ਅਨਾਥ ਹੋਈ ਸਿੱਖ ਔਰਤ ਦਾ ਪਾਲਣ ਪੋਸ਼ਣ ਪਾਕਿਸਤਾਨੀ ਮੁਸਲਿਮ ਪਰਿਵਾਰ ਨੇ ਕੀਤਾ, 75 ਸਾਲਾਂ ਬਾਅਦ ਆਪਣੇ ਭਰਾਵਾਂ ਨਾਲ ਮਿਲਕੇ ਰੋਈ
ਦੀਪਕ ਗਰਗ
ਨਾਰੋਵਾਲ, ਪਾਕਿਸਤਾਨ / ਕੋਟਕਪੂਰਾ 18 ਮਈ 2022 - ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ। 1947 'ਚ ਦੇਸ਼ ਦੀ ਵੰਡ ਵੇਲੇ ਫੈਲੀ ਫਿਰਕੂ ਹਿੰਸਾ 'ਚ ਆਪਣੇ ਪਰਿਵਾਰ ਤੋਂ ਵਿਛੜ ਚੁੱਕੀ ਇਹ ਔਰਤ 75 ਸਾਲਾਂ ਬਾਅਦ ਕਰਤਾਰਪੁਰ 'ਚ ਆਪਣੇ ਭਰਾਵਾਂ ਨੂੰ ਮਿਲ ਕੇ ਫੁੱਟ-ਫੁੱਟ ਕੇ ਰੋ ਪਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਔਰਤ ਦਾ ਪਾਲਣ-ਪੋਸ਼ਣ ਇੱਕ ਮੁਸਲਿਮ ਪਰਿਵਾਰ ਨੇ ਆਪਣੀ ਧੀ ਵਾਂਗ ਕੀਤਾ ਹੈ। ਕੁਝ ਸਮਾਂ ਪਹਿਲਾਂ ਉਸ ਨੂੰ ਇਸ ਬਾਰੇ ਸੱਚ ਦੱਸ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਕਰਤਾਰਪੁਰ ਪੰਜਾਬ, ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਸ਼ਕਰਗੜ੍ਹ ਤਹਿਸੀਲ ਸ਼ਹਿਰ ਵਿੱਚ ਹੈ। ਸ਼ਹਿਰ ਵਿੱਚ ਇੱਕ ਇਤਿਹਾਸਕ ਸਿੱਖ ਗੁਰਦੁਆਰਾ ਹੈ। ਇਸ ਨੂੰ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਂ ਮੂਲ ਰੂਪ ਵਿਚ ਗੁਰਦੁਆਰਾ ਦਰਬਾਰ ਸਾਹਿਬ ਕਿਹਾ ਜਾਂਦਾ ਹੈ।
ਭਾਰਤ ਦੀ ਵੰਡ ਵੇਲੇ ਹੋਈ ਫਿਰਕੂ ਹਿੰਸਾ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਉਸ ਸਮੇਂ ਇਹ ਔਰਤ ਮਾਸੂਮ ਬੱਚੀ ਸੀ। ਮਾਂ ਨੂੰ ਦੰਗਾਕਾਰੀਆਂ ਨੇ ਮਾਰਿਆ ਸੀ ਅਤੇ ਉਹ ਉਸਦੀ ਲਾਸ਼ ਦੁਆਲੇ ਲਿਪਟ ਕੇ ਪਈ ਸੀ। ਮੁਹੰਮਦ ਇਕਬਾਲ ਅਤੇ ਉਸ ਦੀ ਪਤਨੀ ਅੱਲ੍ਹਾ ਰਾਖੀ ਨੇ ਬੱਚੀ ਨੂੰ ਗੋਦ ਲਿਆ ਅਤੇ ਉਸ ਨੂੰ ਆਪਣੀ ਧੀ ਵਾਂਗ ਪਾਲਿਆ। ਉਸ ਨੇ ਇਸ ਦਾ ਨਾਂ ਮੁਮਤਾਜ਼ ਬੀਬੀ ਰੱਖਿਆ। ਵੰਡ ਤੋਂ ਬਾਅਦ ਇਕਬਾਲ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲੇ ਦੇ ਪਿੰਡ ਵਾਰਿਕਾ ਤਿਆਨ ਵਿਚ ਆ ਕੇ ਵਸ ਗਿਆ।
ਇਕਬਾਲ ਅਤੇ ਉਸ ਦੀ ਪਤਨੀ ਨੇ ਮੁਮਤਾਜ਼ ਨੂੰ ਕਦੇ ਨਹੀਂ ਦੱਸਿਆ ਕਿ ਉਹ ਉਨ੍ਹਾਂ ਦੀ ਧੀ ਨਹੀਂ ਹੈ, ਕਿਉਂਕਿ ਉਹ ਉਸ ਨੂੰ ਕੋਈ ਤਕਲੀਫ਼ ਨਹੀਂ ਦੇਣਾ ਚਾਹੁੰਦੇ ਸਨ। ਦੋ ਸਾਲ ਪਹਿਲਾਂ ਜਦੋਂ ਇਕਬਾਲ ਦੀ ਸਿਹਤ ਅਚਾਨਕ ਵਿਗੜ ਗਈ ਤਾਂ ਉਸ ਨੇ ਮੁਮਤਾਜ਼ ਨੂੰ ਦੱਸਿਆ ਕਿ ਉਹ ਉਸ ਦੀ ਅਸਲੀ ਬੇਟੀ ਨਹੀਂ ਹੈ। ਇੰਨਾ ਹੀ ਨਹੀਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸਿੱਖ ਸੀ। ਇਕਬਾਲ ਦੀ ਮੌਤ ਤੋਂ ਬਾਅਦ ਮੁਮਤਾਜ਼ ਅਤੇ ਉਸ ਦੇ ਬੇਟੇ ਸ਼ਾਹਬਾਜ਼ ਨੇ ਸੋਸ਼ਲ ਮੀਡੀਆ ਰਾਹੀਂ ਪਰਿਵਾਰ ਦੀ ਭਾਲ ਸ਼ੁਰੂ ਕਰ ਦਿੱਤੀ। ਉਹ ਮੁਮਤਾਜ਼ ਦੇ ਅਸਲ ਪਿਤਾ ਅਤੇ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ (ਸਿਦਰਾਣਾ) ਦਾ ਨਾਮ ਜਾਣਦੇ ਸਨ, ਜਿੱਥੋਂ ਉਹ ਆਪਣਾ ਜੱਦੀ ਘਰ ਛੱਡਣ ਲਈ ਮਜਬੂਰ ਹੋ ਕੇ ਪਾਕਿਸਤਾਨ ਆਵਾਸ ਕਰ ਗਿਆ ਸੀ। ਆਖ਼ਰਕਾਰ ਦੋਵੇਂ ਪਰਿਵਾਰ ਸੋਸ਼ਲ ਮੀਡੀਆ ਰਾਹੀਂ ਜੁੜ ਗਏ।
ਗੁਰਦੁਆਰਾ ਦੋ ਪਰਿਵਾਰਾਂ ਦੇ ਮਿਲਾਪ ਦਾ ਸਥਾਨ ਬਣ ਗਿਆ
ਮੁਮਤਾਜ਼ ਦੇ ਭਰਾ ਸਰਦਾਰ ਗੁਰਮੀਤ ਸਿੰਘ, ਸਰਦਾਰ ਨਰਿੰਦਰ ਸਿੰਘ ਅਤੇ ਸਰਦਾਰ ਅਮਰਿੰਦਰ ਸਿੰਘ ਪਰਿਵਾਰਕ ਮੈਂਬਰਾਂ ਸਮੇਤ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ। ਮੁਮਤਾਜ਼ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਉੱਥੇ ਪਹੁੰਚੀ ਅਤੇ 75 ਸਾਲਾਂ ਬਾਅਦ ਆਪਣੇ ਗੁੰਮ ਹੋਏ ਭਰਾਵਾਂ ਨੂੰ ਮਿਲੀ।