ਪੀ ਐਸ ਪੀ ਸੀ ਐਲ ਵੱਲੋਂ ਬੀਤੇ 43 ਦਿਨਾਂ ਦੌਰਾਨ 5228 ਕੇਸਾਂ ਵਿਚ 694 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ
ਲੁਧਿਆਣਾ, 18 ਮਈ 2022 - ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਸੂਬੇ ਅੰਦਰ ਬਿਜਲੀ ਚੋਰੀ ਦੇ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਉਂਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਵੰਡ ਵਿੰਗ ਦੇ ਵੱਖ-ਵੱਖ ਜ਼ੋਨਾਂ ਦੀਆਂ ਟੀਮਾਂ ਵੱਲੋਂ ਬੀਤੇ 43 ਦਿਨਾਂ ਦੌਰਾਨ ਵੱਖ-ਵੱਖ ਇਲਾਕਿਆਂ ਵਿਚ ਚਲਾਈਆਂ ਗਈਆਂ ਮੁਹਿੰਮਾਂ ਦੌਰਾਨ 54212 ਕੁਨੈਕਸ਼ਨ ਚੈੱਕ ਕੀਤੇ ਗਏ ਅਤੇ ਬਿਜਲੀ ਚੋਰੀ ਦੇ 5228 ਮਾਮਲੇ ਫੜੇ ਗਏ, ਜਿਨ੍ਹਾਂ ਵਿਚੋਂ 1285 ਕੇਸ ਬਿਜਲੀ ਚੋਰੀ ਦੇ ਅਤੇ 3943 ਕੇਸ ਨਾਜਾਇਜ਼ ਤਰੀਕੇ ਨਾਲ ਬਿਜਲੀ ਦੀ ਵਰਤੋਂ (UUE)/ ਨਾਜਾਇਜ਼ ਐਕਸਟੈਂਸ਼ਨ (UE) ਦੇ ਸਨ।
ਟੀਮਾਂ ਵੱਲੋਂ ਇਨ੍ਹਾਂ 5228 ਕੇਸਾਂ ਵਿਚ 694 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ। ਜਿਹੜੀ ਮੁਹਿੰਮ ਪੀਐਸਪੀਸੀਐਲ ਵੱਲੋਂ ਬਿਜਲੀ ਚੋਰੀ ਖ਼ਿਲਾਫ਼ ਜ਼ੀਰੋ ਟਾਲਰੈਂਸ ਤਹਿਤ 4 ਅਪਰੈਲ ਤੋਂ 16 ਮਈ ਤੱਕ ਚਲਾਈ ਗਈ।
ਇਸ ਲੜੀ ਹੇਠ ਬਾਰਡਰ ਜ਼ੋਨ ਦੀਆਂ ਟੀਮਾਂ ਨੇ ਕੁਲ 20919 ਕੁਨੈਕਸ਼ਨ ਚੈੱਕ ਕੀਤੇ, ਜਿਨ੍ਹਾਂ ਵਿਚੋਂ 439 ਕੇਸ ਚੋਰੀ ਦੇ ਪਾਏ ਗਏ ਅਤੇ 1059 ਕੇਸ UUE/UE ਦੇ ਪਾਏ ਗਏ। ਟੀਮਾਂ ਨੇ ਬਿਜਲੀ ਚੋਰੀ ਦੇ 439 ਕੇਸਾਂ ਲਈ 79 ਲੱਖ ਰੁਪਏ ਦਾ ਅਤੇ UUE/UE ਦੇ 1059 ਕੇਸਾਂ ਲਈ ਸਤਾਈ 47 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ।
ਇਸੇ ਤਰ੍ਹਾਂ ਕੇਂਦਰੀ ਜ਼ੋਨ ਵੱਲੋਂ 7130 ਕੁਨੈਕਸ਼ਨ ਚੈੱਕ ਕੀਤੇ ਗਏ ਅਤੇ 687 ਕੇਸਾਂ ਵਿਚੋਂ 171 ਕੇਸ ਚੋਰੀ ਦੇ ਅਤੇ 516 ਕੇਸ UUE/UE ਦੇ ਪਾਏ ਗਏ ਜਿਨ੍ਹਾਂ ਤੋਂ ਕੁੱਲ 91 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਉੱਤਰੀ ਜ਼ੋਨ ਦੀਆਂ ਟੀਮਾਂ ਨੇ ਬੀਤੇ 43 ਦਿਨਾਂ ਦੌਰਾਨ 9992 ਕੁਨੈਕਸ਼ਨ ਚੈੱਕ ਕੀਤੇ ਅਤੇ 72 ਕੇਸ ਚੋਰੀ ਦੇ ਅਤੇ 883 ਕੇਸ UUE/UE ਦੇ ਪਾਏ ਗਏ। ਵਿਭਾਗ ਵੱਲੋਂ 955 ਕੇਸਾਂ ਚ ਕੁੱਲ 56 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਦੱਖਣੀ ਜ਼ੋਨ ਦੀਆਂ ਟੀਮਾਂ ਨੇ 6028 ਕੁਨੈਕਸ਼ਨ ਚੈੱਕ ਕੀਤੇ, ਜਿਨ੍ਹਾਂ ਵਿਚੋਂ 146 ਕੇਸ ਚੋਰੀ ਦੇ ਅਤੇ 517 ਕੇਸ UUE/UE ਦੇ ਪਾਏ ਗਏ। ਇਨ੍ਹਾਂ ਪਾਸੋਂ 111 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਜਦਕਿ ਪੱਛਮੀ ਜ਼ੋਨ ਵਿਚ ਕਿ ਕੀਤੇ ਗਏ 10,143 ਕੁਨੈਕਸ਼ਨਾਂ ਦੌਰਾਨ ਕੁੱਲ 1425 ਕੇਸਾਂ ਵਿਚੋਂ 457 ਕੇਸ ਚੋਰੀ ਦੇ ਤੇ 968 ਕੇਸ UUE/UE ਦੇ ਮਿਲੇ। ਟੀਮਾਂ ਨੇ ਬੀਤੇ 43 ਦਿਨਾਂ ਦੌਰਾਨ ਕੁਲ 311 ਲੱਖ ਰੁਪਏ ਦੇ ਜੁਰਮਾਨੇ ਵਸੂਲੇ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਵਿਭਾਗ ਬਿਜਲੀ ਚੋਰੀ ਨੂੰ ਰੋਕ ਕੇ ਆਪਣੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਆਉਂਦੇ ਦਿਨਾਂ ਦੌਰਾਨ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਬਿਜਲੀ ਦੀ ਖਪਤ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਪਤਕਾਰਾਂ ਨੂੰ ਵੀ ਉਨ੍ਹਾਂ ਨੇ ਚਿਤਾਵਨੀ ਦਿੱਤੀ।