ਡੇਂਗੂ ਰੋਕਥਾਮ ਯੋਗ ਹੈ ਆਓ ਹੱਥ ਮਿਲਾਈਏ: ਡਾ ਪਰਮਿੰਦਰ ਕੌਰ
ਰਾਸ਼ਟਰੀ ਡੇਂਗੂ ਦਿਵਸ ਮਨਾਉਣ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕੀਤਾ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 16 ਮਈ, 2022: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੀ ਅਗਵਾਈ ਹੇਠ ਡਾ ਇੰਦਰਜੀਤ ਸਿੰਗਲਾ ਅਤੇ ਜ਼ਿਲਾ ਐਪੀਡੀਮੋਲੋਜਿਸਟ ਡਾ: ਉਪਾਸਨਾ ਬਿੰਦਰਾ ਵੱਲੋਂ ਡੇਂਗੂ ਬਿਮਾਰੀ ਤੋਂ ਬਚਾਓ ਲਈ ਸੁਨੇਹਾ ਦਿੰਦਾ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ। 16 ਮਈ ਨੂੰ ਰਾਸ਼ਟਰੀ ਡੇਂਗੂ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਜਿਲਾ ਸੰਗਰੂਰ ਵਿਖੇ ਡੇਂਗੂ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕੀਤੀਆਂ ਗਈਆਂ। ਜਿਸ ਵਿਚ ਆਮ ਲੋਕਾਂ ਨੂੰ 'ਫਰਾਈਡੇ (ਸ਼ੁੱਕਰਵਾਰ) ਡਰਾਈ ਡੇ' ਦੀ ਮਹੱਤਤਾ, ਡੇਂਗੂ ਹੋਣ ਦੇ ਕਾਰਣ, ਸਾਵਧਾਨੀਆਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ ਤੇ ਅੱਗੇ ਤੋਂ ਵੀ ਜਾਣਕਾਰੀ ਦਿੱਤੀ ਜਾਵੇਗੀ।
ਸਿਵਲ ਸਰਜਨ ਸੰਗਰੂਰ ਡਾ: ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਦਾ ਮੱਛਰ 7 ਦਿਨ ਭਾਵ 1 ਹਫਤੇ ਵਿਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ । ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਹਫਤੇ ਚ ਇੱਕ ਵਾਰ ਡ੍ਰਾਈ ਡੇ ਮਨਾ ਲਈਏ ਭਾਵ ਕਿ ਕੂਲਰ ਦੇ ਪਾਣੀ ਅਤੇ ਫਰਿਜ ਪਿਛੇ ਟਰੇ ਵਿੱਚ ਜਮਾਂ ਹੋਣ ਵਾਲੇ ਪਾਣੀ ਨੂੰ, ਆਪਣੇ ਘਰ, ਸਕੂਲ, ਕੰਮਕਾਜ ਵਾਲੀ ਥਾਂ ਅਤੇ ਆਲੇ ਦੁਆਲੇ ਸਾਫ ਸਫਾਈ ਦੇ ਨਾਲ ਖੜੇ ਪਾਣੀ ਨੂੰ ਸਾਫ ਕਰ ਦਈਏ ਤਾਂ ਅਸੀਂ ਡੇਂਗੂ ਤੋਂ ਨਿਜਾਤ ਪਾ ਸਕਦੇ ਹਾਂ, ਕਿਉਕਿ ਡੇਂਗੂ ਫੈਲਾਉਣ ਵਾਲਾ ਮਾਦਾ ਮੱਛਰ ਐਡੀਜ਼ ਖੜੇ ਪਾਣੀ ਚ ਪੈਦਾ ਹੁੰਦਾ ਹੈ ਜੋ ਕਿ ਦਿਨ ਵੇਲੇ ਕੱਟਦਾ ਹੈ। ਤੇਜ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਾਸਪੇਸ਼ੀਆਂ ਚ ਦਰਦ, ਮਸੂੜਿਆਂ ਤੇ ਨੱਕ ਵਿਚੋਂ ਖੂਨ ਵੱਗਣਾ, ਜੋੜਾਂ ਵਿਚ ਦਰਦ ਆਦਿ ਇਸਦੇ ਮੁਖ ਲੱਛਣ ਹਨ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਉਪਾਸਨਾ ਬਿੰਦਰਾ ਨੇ ਦੱਸਿਆ ਕਿ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰੀ ਸਲਾਹ ਲਵੋ। ਡੇਂਗੂ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਦੀ ਲੋੜ ਹੈ। ਆਪਣੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ, ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ, ਛੱਪੜਾਂ ਵਿਚ ਖਲੋਤੇ ਪਾਣੀ ਵਿਚ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ। ਪੁਰੀ ਬਾਜੂ ਦੇ ਕਪੜੇ ਪਾਏ ਜਾਣ ਅਤੇ ਮੱਛਰਦਾਨੀ ਜਾਂ ਮੱਛਰ ਮਾਰਨ ਵਾਲੀ ਦਵਾਈ ਦਾ ਉਪਯੋਗ ਕੀਤਾ ਜਾਵੇ। ਡਿਪਟੀ ਮਾਸ ਮੀਡੀਆ ਅਫਸਰ ਸਰੋਜ ਰਾਣੀ ਨੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ 104 ਟੋਲ ਫਰੀ ਹੈਲਪਲਾਈਨ ਨੰਬਰ ਤੋਂ ਵੀ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ।