ਕੰਵਰ ਗਰੇਵਾਲ ਦਾ ਕਿਸਾਨੀ ਸੰਘਰਸ਼ ‘ਚ ਯੋਗਦਾਨ ਬੇਮਿਸਾਲ: ਬੈਂਸ
-ਕੰਵਰ ਗਰੇਵਾਲ ਕੈਲਗਰੀ ਫੇਰੀ ਦੌਰਾਨ ਕਾਰੋਬਾਰੀ ਅਮਰਪ੍ਰੀਤ ਸਿੰਘ ਬੈਂਸ ਨੂੰ ਮਿਲੇ
ਕਮਲਜੀਤ ਬੁੱਟਰ
ਕੈਲਗਰੀ, 16 ਮਈ, 2022: ਇਕ ਸਾਲ ਤੱਕ ਦਿੱਲੀ ਦੇ ਬਾਰਡਰਾਂ ‘ਤੇ ਲੜੇ ਕਿਸਾਨੀ ਘੋਲ ‘ਚ ਚਾਹੇ ਹਰ ਪੰਜਾਬੀ ਨੇ ਆਪਣਾ ਪੂਰਾ ਸਹਿਯੋਗ ਦਿੱਤਾ ਪਰ ਕੰਵਰ ਗਰੇਵਾਲ ਜੋ ਪੰਜਾਬ ਦੀ ਜਵਾਨੀ ਨੂੰ ਘਰਾਂ ‘ਚੋਂ ਕੱਢਕੇ ਦਿੱਲੀ ਤੱਕ ਲੈ ਕੇ ਗਿਆ, ਇਹ ਬੇਮਿਸਾਲ ਸੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਲਗਰੀ ਦੇ ਉੱਘੇ ਕਾਰੋਬਾਰੀ ਅਮਰਪ੍ਰੀਤ ਸਿੰਘ ਬੈਂਸ ਨੇ ਗਰੇਵਾਲ਼ ਨੂੰ ਮਿਲਦਿਆਂ ਕੀਤਾ।
ਬੈਂਸ ਨੇ ਕਿਹਾ ਕਿ ਕੰਵਰ ਦੀ ਗਾਇਕੀ ਮੈਨੂੰ ਆਮ ਕਲਾਕਾਰ ਵਰਗੀ ਨਹੀਂ ਲੱਗਦੀ ਇਹ ਤਾਂ ਹੁਣ ਇਕ ਭਗਤੀ ਲੱਗਦੀ ਹੈ ਜਿਸ ‘ਚ ਕੰਵਰ ਦਿਨੋ-ਦਿਨ ਪਰਪੱਕ ਹੁੰਦਾ ਜਾ ਰਿਹਾ ਹੈ।
ਇਸ ਦੌਰਾਨ ਕੰਵਰ ਗਰੇਵਾਲ ਨੇ ਕਿਹਾ ਕਿ ਕਿਸਾਨੀ ਸੰਘਰਸ਼ ਸਾਡੀ ਹੋਂਦ ਦੀ ਲੜਾਈ ਸੀ ਉਸ ਸੰਘਰਸ਼ ‘ਚ ਉਹ ਲੋਕ ਵੀ ਸ਼ਾਮਲ ਹੋਏ ਜਿਨ੍ਹਾਂ ਦਾ ਜ਼ਮੀਨਾਂ ਨਾਲ ਕੋਈ ਸੰਬੰਧ ਵੀ ਨਹੀਂ ਸੀ। ਇਸ ਲਈ ਮੈਂ ਤਾਂ ਉਸ ਸੰਘਰਸ਼ ਨੂੰ ਦੂਜੇ ਤਰੀਕੇ ਨਾਲ ਲੈਂਦਾਂ ਹਾਂ ਕਿ ਪੰਜਾਬੀ ਦਿੱਲੀ ਨੂੰ ਇਹ ਦੱਸਣ ਗਏ ਸਨ ਕਿ ਅਸੀਂ ਹਾਲੇ ਜਿਉਂਦੇ ਹਾਂ। ਨਗਰ ਕੀਰਤਨ ਦੌਰਾਨ ਗੁਰਦੁਆਰਾ ਸਟੇਜ ਤੋਂ ਕੰਵਰ ਨੇ ਇਕ ਵਾਰ ਫੇਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਈ ਦੀ ਮੰਗ ਕੀਤੀ।