ਪਟਿਆਲਾ: ਕਿਸਾਨ ਜੱਥੇਬੰਦੀਆਂ ਨੇ ਐਮ ਐਲ ਏ ਦਿਹਾਤੀ ਨੂੰ ਸੌਂਪਿਆ ਮੰਗ ਪੱਤਰ
ਜੀ ਐਸ ਪੰਨੂ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ,10ਮਈ,2022:
ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਪਟਿਆਲਾ ਵਿਖੇ ਤ੍ਰਿਪੜੀ ਮੋੜ, ਪੁੱਡਾ ਗਰਾਊਂਡ ਵਿੱਚ ਇਕੱਠੇ ਹੋ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਕਿਸਾਨਾਂ ਵਲੋਂ ਮੋਟਰਸਾਈਕਲਾਂ ਤੇ ਜੀਪਾਂ ਦੇ ਕਾਫ਼ਲੇ ਵਿਚ ਮਾਰਚ ਕਰਦੇ ਹੋਏ ਪਟਿਆਲਾ ਦਿਹਾਤੀ ਦੇ ਐਮ, ਐਲ, ਏ, ਬਲਵੀਰ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨਾਂ ਦੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ।
ਐਮ, ਐਲ, ਏ, ਬਲਵੀਰ ਸਿੰਘ ਵੱਲੋਂ ਸਾਰੀਆਂ ਮੰਗਾਂ ਨਾਲ ਸਹਿਮਤ ਹੁੰਦੇ ਹੋਏ ਕਿਹਾ ਕਿ ਮੈੰ ਕਿਸਾਨਾਂ ਦੀਆਂ ਮੰਗਾਂ ਨਾਲ ਸਹਿਮਤ ਹਾਂ ਅਤੇ ਇਹ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਸੌਂਪ ਦੇਵਾਂਗਾ। ਕਿਸਾਨਾਂ ਦੀਆਂ ਮੰਗਾਂ ਵਿੱਚ ਕਣਕ ਦੇ ਸੜਨ ਤੇ ਝਾੜ ਘੱਟ ਨਿਕਲਣ ਲਈ ਮੁਆਵਜੇ ਦੀ ਮੰਗ, ਗੰਨੇ ਦੀ ਅਦਾਇਗੀ ਦੇ ਨੌ ਸੌ ਕਰੋੜ ਰੁਪਏ ਦੇ ਬਕਾਏ, ਇਕ ਜੂਨ ਤੋਂ ਨਿਯਮਤ ਬਿਜਲੀ ਦੀ ਸਪਲਾਈ ਤੇ ਦਸ ਜੂਨ ਤੋਂ ਝੋਨਾ ਲਾਉਣ ਲਈ ਸਰਕਾਰ ਵੱਲੋਂ ਸਾਰੇ ਪਰਬੰਧ ਕਰਨ ਅਤੇ ਪਿਛਲੇ ਸਮੇਂ ਦੌਰਾਨ ਮੰਨੀਆਂ ਗਈਆਂ ਮੰਗਾਂ ਲਾਗੂ ਕਰਨ ਦੀਆਂ ਮੰਗਾਂ, ਮੰਗ ਪੱਤਰ ਵਿੱਚ ਸ਼ਾਮਲ ਕੀਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬਚਨ ਸਿੰਘ ਕਨਸੂਹਾ, ਦਵਿੰਦਰ ਸਿੰਘ ਪੂਨੀਆ, ਸੁਰਜੀਤ ਸਿੰਘ ਲਚਕਾਣੀ, ਗੁਰਵਿੰਦਰ ਸਿੰਘ ਲੰਗ, ਅਮਰਜੀਤ ਸਿੰਘ ਲਚਕਾਣੀ, ਹਰਿੰਦਰ ਸਿੰਘ ਫੱਗਣਮਾਜਰਾ ਅਤੇ ਰਾਮ ਚੰਦ ਬਖਸ਼ੀਵਾਲਾ ਤੇ ਹੋਰ ਆਗੂ ਹਾਜ਼ਰ ਸਨ।