ਪੰਜਵੀਂ ਦੇ ਨਤੀਜੇ: ਡੱਲਾ ਸਕੂਲ ਦੇ ਰਾਜਬੀਰ ਨੇ ਸੂਬੇ ਭਰ ’ਚੋਂ ਦੂਜਾ ਤੇ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 7 ਮਈ 2022-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਪੰਜਵੀਂ ਜਾਮਤ ਦੇ ਨਤੀਜਿਆ ’ਚ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਬਲਾਕ ਮਸੀਤਾਂ (ਕਪੂਰਥਲਾ) ਦੇ ਰਾਜਵੀਰ ਮੋਮੀ ਪੁੱਤਰ ਲਖਵੀਰ ਕੁਮਾਰ ਨੇ ਸੂਬੇ ਭਰ ਵਿੱਚੋਂ ਦੂਜਾ ਅਤੇ ਸਹਿਜਪ੍ਰੀਤ ਕੌਰ ਪੁੱਤਰੀ ਮੰਗਲ ਸਿੰਘ ਨੇ ਸੂਬੇ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਕੂਲ ਦੀ ਇੰਚਾਰਜ ਪ੍ਰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਕੁੱਲ 29 ਵਿਦਿਆਰਥੀਆਂ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਹੀ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਰਾਜਵੀਰ ਮੋਮੀ ਪੁੱਤਰ ਲਖਵੀਰ ਕੁਮਾਰ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਦੂਜਾ ਅਤੇ ਸਹਿਜਪ੍ਰੀਤ ਕੌਰ ਪੁੱਤਰੀ ਮੰਗਲ ਸਿੰਘ ਨੇ ਵੀ 100 ਫੀਸਦੀ ਅੰਕ ਹਾਸਲ ਕਰਕੇ ਤੀਜਾ ਸੂਬੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਮੈਂਬਰ ਨੀਲਮ ਕੁਮਾਰੀ, ਲਖਵਿੰਦਰ ਕੌਰ ਅਤੇ ਤਰੰਨਮਜੀਤ ਕੌਰ ਨੂੰ ਜਾਂਦਾ ਹੈ ਜਿਨ੍ਹਾਂ ਦੀ ਬਦੌਲਤ ਬੱਚੇ ਨੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਸਟਾਫ ਵੱਲੋਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਲਈ ਵੀ ਸਖਤ ਮਿਹਤਨ ਕਰਵਾਈ ਜਾਂਦੀ ਹੈ ਜਿਸ ਦੀ ਬਦੌਲਤ ਹੀ ਅੱਜ ਸਹਿਜਪ੍ਰੀਤ ਕੌਰ ਨੇ ਸੂਬੇ ਭਰ ਵਿੱਚ ਸਕੂਲ ਦਾ ਨਾ ਚਮਕਾਇਆ ਹੈ।
ਇਸ ਮੌਕੇ ਰਾਜਵੀਰ ਦੇ ਪਿਤਾ ਲਖਵੀਰ ਕੁਮਾਰ ਤੇ ਮਾਤਾ ਸੁਮਨ ਨੇ ਬੱਚੇ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਕੂਲ ਦੇ ਮਿਹਤਨੀ ਸਟਾਫ ਦੀ ਬਦੌਲਤ ਹੀ ਅੱਜ ਉਨ੍ਹਾਂ ਦੇ ਬੇਟੇ ਨੇ ਸੂਬੇ ਵਿੱਚ ਪੁਜ਼ੀਸ਼ਨ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲ ਸਟਾਫ ਤੋਂ ਇਲਾਵਾ ਘਰ ਵਿੱਚ ਰਾਜਵੀਰ ਦਾ ਚਾਚਾ ਅਮਰਜੀਤ ਸਿੰਘ ਤੇ ਚਾਚੀ ਜਸਨੀਤ ਕੌਰ ਵੀ ਪੜ੍ਹਾਈ ਲਈ ਮਦਦ ਕਰਦੇ ਹਨ। ਇਸ ਮੌਕੇ ਸਹਿਜ਼ਪ੍ਰੀਤ ਕੌਰ ਨੇ ਕਿਹਾ ਕਿ ਉਹ ਹਿਸਾਬ ਦੀ ਅਧਿਆਪਕਾ ਬਣਕੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਵਾਂਗੀ ਅਤੇ ਉਨ੍ਹਾਂ ਨੂੰ ਪੈਰਾਂ ’ਤੇ ਖੜ੍ਹਾ ਕਰਨ ਦੇ ਉਪਰਾਲੇ ਕਰਾਂਗੀ। ਸਹਿਜਪ੍ਰੀਤ ਕੌਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਉਣ। ਇਸ ਮੌਕੇ ਸਹਿਜਪ੍ਰੀਤ ਕੌਰ ਦੇ ਪਿਤਾ ਮੰਗਲ ਸਿੰਘ ਅਤੇ ਮਾਤਾ ਸੰਦੀਪ ਕੌਰ ਨੇ ਸਕੂਲ ਦੇ ਮਿਹਤਨੀ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਘਰ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਵੀ ਉਹ ਸਹਿਜਪ੍ਰੀਤ ਨੂੰ ਉਸ ਦੇ ਸੁਫਨਿਆਂ ਦੀ ਮੰਜਿਲ ਤੱਕ ਪਹੁੰਚਾਉਣ ਲਈ ਹਰ ਸੰਭਵ ਕਦਮ ਚੁੱਕਣਗੇ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਨਰਿੰਦਰ ਸਿੰਘ ਖਿੰਡਾ ਨੇ ਸਕੂਲ ਦੇ ਮਿਹਨਤੀ ਸਟਾਫ ਦਾ ਧੰਨਵਾਦ ਕੀਤਾ ਅਤੇ ਸਹਿਜਪ੍ਰੀਤ ਕੌਰ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਮਾਸਟਰ ਗੁਰਦੇਵ ਸਿੰਘ, ਮਾਸਟਰ ਦਿਲਬਾਗ ਸਿੰਘ, ਡਾ. ਦਵਿੰਦਰਪਾਲ ਸਿੰਘ, ਨੀਲਮ ਕੁਮਾਰੀ, ਲਖਵਿੰਦਰ ਕੌਰ ਅਤੇ ਤਰੰਨਮਜੀਤ ਕੌਰ ਆਦਿ ਹਾਜ਼ਰ ਸਨ।