ਸੁਲਤਾਨਪੁਰ ਲੋਧੀ 'ਚ ਦਿਨ-ਬ-ਦਿਨ ਵੱਧ ਰਹੀਆਂ ਹਨ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 14 ਮਾਰਚ 2022- ਅਪਰਾਧੀ ਦਿਨ-ਰਾਤ ਬੇਖੌਫ ਹੋ ਕੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਸਥਾਨਕ ਪੁਲਿਸ ਮੂਕ ਦਰਸ਼ਕ ਬਣ ਕੇ ਹੱਥਾਂ 'ਤੇ ਹੱਥ ਧਰ ਕੇ ਬੈਠੀ ਹੈ। ਅਪਰਾਧੀਆਂ ਦੇ ਮਨ ਵਿਚ ਪੁਲਿਸ ਦਾ ਬਿਲਕੁਲ ਵੀ ਡਰ ਦਿਖਾਈ ਨਹੀਂ ਦੇ ਰਿਹਾ ਅਜਿਹੀ ਹੀ ਇੱਕ ਲੁੱਟ ਦੀ ਨਾਕਾਮ ਕੋਸ਼ਿਸ਼ ਦਾ ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਮੁਹੱਲਾ ਸੱਥ ਰੰਗੜਾ ਦੇ ਦੋ ਨੌਜਵਾਨਾਂ ਅਸ਼ੀਸ਼ ਕੁਮਾਰ ਪੁੱਤਰ ਰਾਜ ਕੁਮਾਰ ਅਤੇ ਗੁਰਚਰਨ ਸਿੰਘ ਪੁੱਤਰ ਪਰਮਜੀਤ ਸਿੰਘ ਨਾਲ ਵਾਪਰਿਆ। ਜਿਨ੍ਹਾਂ ਕੋਲੋਂ ਕਰੀਬ 6 ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਰਦਿਆਂ ਮੋਬਾਈਲ ਖੋਹਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਇਸ ਹਮਲੇ 'ਚ ੳਹ ਦੋਵੇਂ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸੁਲਾਨਪੁਰ ਲੋਧੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਘਾਇਲ ਆਸ਼ੂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹ ਕਿਸੇ ਕੰਮ ਦੇ ਸਿਲਸਿਲੇ 'ਚ ਆਪਣੇ ਦੋਸਤ ਅਤੇ ਇਕ ਸਾਲ ਦੇ ਬੇਟੇ ਨਾਲ ਮੋਟਰਸਾਈਕਲ 'ਤੇ ਸੁਲਤਾਨਪੁਰ ਲੋਧੀ ਤੋਂ ਡੱਲਾ ਰੋਡ 'ਤੇ ਜਾ ਰਿਹਾ ਸੀ ਤਾਂ ਰਸਤੇ 'ਚ ਇਕ ਪ੍ਰਾਈਵੇਟ ਪੈਟਰੋਲ ਪੰਪ ਦੇ ਨੇੜੇ 2 ਮੋਟਰਸਾਈਕਲਾਂ ਤੇ ਸਵਾਰ 6 ਦੇ ਕਰੀਬ ਲੁਟੇਰਿਆਂ ਨੇ ਉਨ੍ਹਾਂ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੇਰੀਆਂ ਦੋਵੇਂ ਬਾਹਾਂ ਅਤੇ ਮੇਰੇ ਦੋਸਤ ਦੀ ਇੱਕ ਬਾਂਹ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਬਚਾਅ ਵਿੱਚ ਅਸੀਂ ਆਪਣਾ ਮੋਟਰਸਾਈਕਲ ਉਥੋਂ ਭਜਾ ਲਿਆ। ਆਏ ਦਿਨ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਇਲਾਕਾ ਨਿਵਾਸੀਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਮੌਕੇ ’ਤੇ ਪੁੱਜੇ ਏਐਸਆਈ ਸ਼ੁਭੇਗ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਲੈ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਜ਼ਖਮੀ ਨੌਜਵਾਨ।