'ਤੂੰ ਤੜਾਕ ਦੀ ਬੋਲਬਾਣੀ' ਦੌਰਾਨ ਹਾਸ਼ੀਏ ਤੇ ਸੁੱਟੇ ਲੋਕ ਮੁੱਦੇ
ਅਸ਼ੋਕ ਵਰਮਾ
ਬਠਿੰਡਾ ,25ਜਨਵਰੀ2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਸਿਆਸੀ ਲੀਡਰਾਂ ਵੱਲੋਂ ਸੱਤਾ ਹਥਿਆਉਣ ਲਈ ਵਰਤੀ ਜਾ ਰਹੀ ਭਾਸ਼ਾ ਨੇ ਨਾਂ ਕੇਵਲ ਗੁਰੂਆਂ ਪੀਰਾਂ ਦੀ ਧਰਤੀ ਅਖਵਾਉਂਦੇ ਪੰਜਾਬ ਨੂੰ ਸ਼ਰਮਸਾਰ ਕੀਤਾ ਬਲਕਿ ਆਮ ਆਦਮੀ ਦੇ ਸਰੋਕਾਰਾਂ ਨਾਲ ਜੁੜੇ ਅਸਲੀ ਮੁੱਦੇ ਹਾਸ਼ੀਏ ‘ਤੇ ਸੁੱਟ ਦਿੱਤੇ ਗਏ ਹਨ। ਮਹੱਤਵਪੂਰਨ ਤੱਥ ਹੈ ਕਿ ਇਸ ਵਾਰ ਚੋਣ ਮੁਕਾਬਲੇ ਕਈ ਧਿਰਾਂ ਵਿਚਕਾਰ ਹੋਣ ਜਾ ਰਹੇ ਹਨ ਤਾਂ ਸਿਆਸੀ ਲੋਕਾਂ ਨੇ ਹਰ ਕੀਮਤ ਤੇ ਵੋਟਾਂ ਹਾਸਲ ਕਰਨਾ ਅਹਿਮ ਬਣਾ ਲਿਆ ਹੈ। ਹਾਲਾਂਕਿ ਸ਼ੁਰੂ ਵਿੱਚ ਤਾਂ ਨੇਤਾਵਾਂ ਨੇ ਹਲਕੇ ਫੁਲਕੇ ਜਿਹੇ ਨਿਸ਼ਾਨੇ ਲਾਏ ਸਨ ਪਰ ਜਿਵੇਂ ਜਿਵੇਂ ਵੋਟਾਂ ਪੈਣ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਸਿਆਸੀ ਧਿਰਾਂ ਵੱਡੀ ਚਿੱਕੜ ਉਛਾਲੀ ਤੇ ਉੱਤਰ ਆਈਆਂ ਹਨ।
ਦੇਖਣ ’ਚ ਆਇਆ ਹੈ ਕਿ ਕੁੱਝ ਸਿਆਸੀ ਆਗੂਆਂ ਵੱਲੋਂ ਅਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਜੋ ਕਿ ਸੱਭਿਆਚਾਰ ਦੇ ਮੁਦੱਈ ਪੰਜਾਬ ‘ਚ ਤਾਂ ਬਿਲਕੁਲ ਵੀ ਸ਼ੋਭਾ ਨਹੀਂ ਦਿੰਦੀ ਹੈ। ਅੱਜ ਕੱਲ੍ਹ ਤਾਂ ਆਪਣੀ ਬੋਲਬਾਣੀ ਕਾਰਨ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੂਜੇ ਪਾਸੇ ਆਮ ਲੋਕਾਂ ਦੇ ਹਾਲਾਤਾਂ ਦੀ ਪੜਚੋਲ ਕਰੀਏ ਤਾਂ ਅਜਾਦੀ ਦੇ 75 ਸਾਲ ਬਾਅਦ ਵੀ ਪਿੰਡਾਂ ’ਚ ਗੱਲ ਗਲੀਆਂ ਨਾਲੀਆਂ ਪੱਕੀਆਂ ਕਰਨ ਦੀਆਂ ਮੰਗਾਂ ਤੱਕ ਸੀਮਤ ਹੋਈ ਪਈ ਹੈ ਬੁਨਿਆਦੀ ਸਹੂਲਤਾਂ ਤਾਂ ਦੂਰ ਦੀ ਗੱਲ ਹੈ। ਏਦਾਂ ਹੀ ਵੱਡੀ ਗਿਣਤੀ ਸ਼ਹਿਰਾਂ ’ਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਜਾ ਸਕਿਆ ਹੈ।
ਸਿੱਟੇ ਵਜੋਂ ਅਖੌਤੀ ਵੀ ਆਈ ਪੀ ਸ਼ਹਿਰ ਵੀ ਬਾਰਸ਼ਾਂ ਦੌਰਾਨ ਛੱਪੜ ’ਚ ਤਬਦੀਲ ਹੋ ਰਹੇ ਹਨ ਤਾਂ ਕਸਬਿਆਂ ਦਾ ਸਮੁੰਦਰ ਬਣਨਾ ਜਾਰੀ ਹੈ। ਸ਼ਹਿਰਾਂ ‘ਚ ਮਾਮਲਾ ਸਾਫ ਸੁਥਰੇ ਪਾਣੀ ਦੀ ਪੂਰਤੀ ਅਤੇ ਸੀਵਰੇਜ ਸੁਵਿਧਾ ਦੇਣ ਦੇ ਵਾਅਦਿਆਂ ਤੇ ਹੀ ਅਟਕਿਆ ਪਿਆ ਹੈ ਪਰ ਇਹ ਸਹੂਲਤਾਂ ਵੱਡੀ ਗਿਣਤੀ ਸ਼ਹਰੀਆਂ ਦੀ ਪਹੁੰਚ ਤੋਂ ਦੂਰ ਹਨ। ਗਲੀਆਂ ਮੁਹੱਲਿਆਂ ’ਚ ਹਰ ਵੰਨਗੀ ਦੇ ਨੇਤਾ ਵੋਟਾਂ ਦੀ ਮੰਗ ਤਾਂ ਕਰ ਰਹੇ ਹਨ ਪਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਕੋਈ ਗੱਲ ਨਹੀਂ ਕਰਦਾ ਹੈ। ਹਰ ਸਾਲ ਇੱਕ ਫੀਸਦੀ ਪੇਂਡੂ ਅਬਾਦੀ ਸ਼ਹਿਰਾਂ ਵਿੱਚ ਆ ਕੇ ਵੱਸ ਰਹੀ ਹੈ। ਯੋਜਨਾਬੰਦੀ ਦੀ ਘਾਟ ਕਾਰਨ ਸ਼ਹਿਰ ਇਸ ਵਸੋਂ ਦਾ ਬੋਝ ਝੱਲਣੋਂ ਅਸਮਰੱਥ ਹਨ।
ਇਸ ਬਾਰੇ ਕੋਈ ਏਜੰਡਾ ਪੇਸ਼ ਕਰਨ ਦੀ ਥਾਂ ਨੇਤਾ ਦਲਬਦਲੀਆਂ ਕਰਵਾਉਣ ’ਚ ਰੁੱਝੇ ਹੋਏ ਹਨ। ਵਿਰੋਧੀ ਧਿਰ ’ਚ ਪੰਜ ਸਾਲ ਤੱਕ ਬੈਠਣ ਉਪਰੰਤ ਕੋਈ ਸਿਆਸੀ ਆਗੂ ਅਜਿਹਾ ਕਰੇ ਤਾਂ ਸਮਝ ਪੈਂਦੀ ਹੈ ਪਰ ਇੱਥੇ ਤਾਂ ਵਿਕਾਸ ਦੇ ਨਾਮ ਹੇਠ ਕਰੋੜਾਂ ਰੁਪਿਆ ਖਰਚਣ ਦਾ ਦਾਅਵਾ ਕਰਨ ਵਾਲੇ ਮੰਤਰੀ ਵੀ ਗਲੀਆਂ ’ਚ ਹਰ ਵੱਡੇ ਛੋਟੇ ਆਗੂ ਦੇ ਗਲਾਂ ’ਚ ਪਾਰਟੀ ਮਫਲਰ ਪਾਉਣ ’ਚ ਜੁਟੇ ਹੋਏ ਹਨ। ਨਰਮੇ ਕਪਾਹ ਦੀ ਫਸਲ ਖਰਾਬ ਹੋਣ ਕਾਰਨ ਪੇਂਡੂ ਅਰਥਚਾਰਾ ਵੱਡੇ ਸੰਕਟ ਚੋਂ ਗੁਜਰ ਰਿਹਾ ਹੈ। ਕੈਂਸਰ ਦੇ ਕਹਿਰ ਦੀ ਗੱਲ ਵੀ ਗੁੱਝੀ ਨਹੀਂ ਜਿਸ ਨੇ ਲੋਕਾਂ ਦਾ ਘਰਾਂ ‘ਚ ਸੱਥਰ ਵਿਛਾਉਣੇ ਸ਼ੁਰੂ ਕੀਤੇ ਹੋਏ ਹਨ।
ਗਰੀਬ ਤੇ ਮਜਦੂਰ ਵਰਗ ਦਾ ਵੀ ਹਾਲ ਮਾੜਾ ਹੈ। ਬੇਲਗਾਮ ਮਹਿੰਗਾਈ ਨੇ ਗਰੀਬਾਂ ਨੂੰ ਭੁੱਖੇ ਮਰਨ ਕੰਢੇ ਪਹੁੰਚਾ ਦਿੱਤਾ ਹੈ ਅਤੇ ਮੱਧਵਰਗੀ ਘਰਾਂ ਦੇ ਚੁੱਲ੍ਹੇ ਠੰਢੇ ਹੋਣ ਲੱਗੇ ਹਨ। ਹਰ ਨੇਤਾ ਆਖਦਾ ਹੈ ਕਿ ਉਸ ਦੀ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ ਸਭ ਦੁੱਖ ਕੱਟੇ ਦਿਆਂਗੇ ਪਰ ਦੁੱਖਾਂ ਨੂੰ ਕੱਟਣ ਬਾਰੇ ਕੋਈ ਵੀ ਧਿਰ ਪ੍ਰੋਗਰਾਮ ਨਹੀਂ ਦੇ ਸਕੀ ।
ਲੋਕ ਦਰਦਾਂ ਦੀ ਥਾਂ ਚਿੱਕੜ ਉਛਾਲੀ :ਸੇਵੇਵਾਲਾ
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਹੈ ਕਿ ਲੋਕ ਦਰਦਾਂ ਦੀ ਥਾਂ ਸੱਤਾ ਪ੍ਰਾਪਤੀ ਲਈ ਸਿਆਸੀ ਧਿਰਾਂ ਨੇ ਚਿੱਕੜ ਉਛਾਲੀ ਦਾ ਰਾਹ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਹਾਲੇ ਤੱਕ ਕਿਸਾਨਾਂ ਮਜਦੂਰਾਂ ਦੇ ਭਲੇ ਲਈ ਠੋਸ ਪ੍ਰੋਗਰਾਮ ਦੇਣ ’ਚ ਫੇਲ੍ਹ ਰਹੀਆਂ ਹਨ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਸਿਆਸੀ ਧਿਰਾਂ ਤੋਂ ਝਾਕ ਛੱਡਕੇ ਆਪਣੇ ਹੱਕ ਹਾਸਲ ਕਰਨ ਲਈ ਸੰਘਰਸ਼ ਦੇ ਰਾਹ ਪੈਣਾ ਪਵੇਗਾ।
ਤਮਾਸ਼ਾ ਕਰ ਰਹੇ ਨੇਤਾ:ਜਮਹੂਰੀ ਆਗੂ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਅਸਲ ’ਚ ਚੋਣਾਂ ਵਿੱਚ ਸਾਰੀਆਂ ਸਿਆਸੀ ਧਿਰਾਂ ਤਮਾਸ਼ਾ ਕਰ ਰਹੀਆਂ ਹਨ ਤਾਂ ਜੋ ਲੋਕਾਂ ਦਾ ਬੁਨਿਆਦੀ ਮੁੱਦਿਆਂ ਤੋਂ ਧਿਆਨ ਲਾਂਭੇ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵੋਟਾਂ ਹਾਸਲ ਕਰਨ ਲਈ ਲੋਕ ਭਲਾਈ ਦਾ ਏਜੰਡਾ ਪੇਸ਼ ਕਰਨ ਦੀ ਥਾਂ ਵੋਟਰਾਂ ਨੂੰ ਭਰਮਾਉਣ ਦੀ ਰਾਜਨੀਤੀ ਖੇਡ੍ਹਣਾ ਚਿੰਤਾਜਨਕ ਹੈ। ਉਨ੍ਹਾਂ ਆਖਿਆ ਕਿ ਨੇਤਾ ਜਿਸ ਵਿਕਾਸ ਦਾ ਢਿੰਡੋਰਾ ਪਿੱਟ ਰਹੇ ਹਨ ਉਹ ਲੋਕ ਪੱਖੀ ਨਹੀਂ ਬਲਕਿ ਕਾਰਪੋਰੇਟ ਘਰਾਣਿਆਂ ਦੇ ਪੱਖ ’ਚ ਭੁਗਤਣ ਵਾਲਾ ਹੈ।
ਨਿੱਜੀ ਹਮਲੇ ਕੁੱਝ ਨਹੀਂ ਸੰਵਾਰਦੇ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸੇਵੁਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਹੈ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਦੇ ਆਗੂ ਨਿੱਜੀ ਹਮਲੇ ਕੀਤੇ ਜਾ ਰਹੇ ਹਨ ਜਿਸ ਨਾਲ ਲੋਕਾਂ ਦਾ ਕੱੁਝ ਵੀ ਸੰਵਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸਿਹਤ ਸੇਵਾਵਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਬੁਰਾ ਹਾਲ ਹੈ ਪ੍ਰੰਤੂ ਕੋਈ ਵੀ ਨੇਤਾ ਇਸ ਦਾ ਹੱਲ ਨਹੀਂ ਦੱਸ ਰਿਹਾ ਹੈ।