ਕੈਨੇਡਾ ਤੋਂ ਅਮਰੀਕਾ ’ਚ ਦਾਖਲ ਹੋਣ ਦੇ ਚੱਕਰ ’ਚ ਠੰਢ ਨਾਲ ਇਕ ਬੱਚੇ ਸਮੇਤ 4 ਮੌਤਾਂ, ਮਨੁੱਖੀ ਤਸਕਰੀ ਦੇ ਦੋਸ਼ਾਂ ਤਹਿਤ ਇਕ ਗ੍ਰਿਫਤਾਰ
ਮੈਨੀਟੋਬਾ, 21 ਜਨਵਰੀ, 2022: ਕੈਨੇਡਾ ਤੋਂ ਅਮਰੀਕਾ ਵਿਚ ਦਾਖਲ ਹੋਣ ਦੇ ਚੱਕਰ ਵਿਚ ਇਕ ਬੱਚੇ ਸਮੇਤ ਚਾਰ ਭਾਰਤੀਆਂ ਦੀ ਮੌਤ ਹੋ ਗਈ। ਇਹਨਾਂ ਚਾਰਾਂ ਦੀਆਂ ਲਾਸ਼ਾਂ ਆਰ ਸੀ ਐਮ ਪੀ ਮੈਨੀਟੋਬਾ ਨੇ ਅਮਰੀਕਾ-ਕੈਨੇਡਾ ਬਾਰਡਰ ਤੋਂ 12 ਕਿਲੋਮੀਟਰ ਦੂਰ ਕੈਨੇਡਾ ਵੱਲ ਬਰਾਮਦ ਕੀਤੀਆਂ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੰਤਾਂ ਦੀ ਠੰਢ ਤੇ ਬਰਫਬਾਰੀ ਵਿਚ ਸਾਹ ਨਾ ਆਉਣ ਕਾਰਨ ਇਹਨਾਂ ਚਾਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਬੱਚੇ ਤੋਂ ਇਲਾਕਾ ਇਕ ਅੱਲ੍ਹੜ ਨੌਜਵਾਨ ਤੇ ਇਕ ਬੰਦਾ ਤੇ ਇਕ ਜਨਾਨੀ ਸ਼ਾਮਲ ਸਨ।
ਆਰ ਸੀ ਐਮ ਪੀ ਮੈਨੀਟੋਬਾ ਨੇ ਦੱਸਿਆ ਕਿ ਅਮਰੀਕਾ ਵਿਚ ਦਾਖਲ ਹੋਏ ਇਕ ਟੋਲੇ ਵਿਚ ਇਕ ਵਿਅਕਤੀ ਕੋਲੋਂ ਛੋਟੇ ਮਾਸੂਮ ਬੱਚੇ ਦੀਆਂ ਵਸਤਾਂ ਮਿਲੀਆਂ ਸਨ ਪਰ ਇਸ ਟੋਲੇ ਕੋਲ ਕੋਈ ਬੱਚਾ ਨਹੀਂ ਸੀ। ਇਸ ਮਗਰੋਂ ਪੁਲਿਸ ਨੇ ਤਲਾਸ਼ ਸ਼ੁਰੂ ਕੀਤੀ ਤਾਂ 4 ਲਾਸ਼ਾਂ ਬਰਾਮਦ ਹੋਈਆਂ ਜਿਹਨਾਂ ਵਿਚ ਇਕ ਛੋਟਾ ਬੱਚਾ ਸ਼ਾਮਲ ਸੀ।
ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਅਮਰੀਕੀ ਅਧਿਕਾਰੀਆਂ ਤੋਂ ਹੀ ਇਹ ਸੂਚਨਾ ਮਿਲੀ ਸੀ ਕਿ ਇਕ ਟੋਲਾ ਮੈਨੀਟੋਬਾ ਵਾਲੇ ਪਾਸੇ ਤੋਂ ਅਮਰੀਕਾ ਵਿਚ ਦਾਖਲ ਹੋਇਆ ਹੈ।
ਇਸ ਦੌਰਾਨ ਅਮਰੀਕਾ ਦੇ ਫਲੋਰਿਡਾ ਰਹਿੰਦੇ ਵਿਅਕਤੀ ਦੇ ਖਿਲਾਫ ਮਨੁੱਖੀ ਤਸਕਰੀ ਦੇ ਦੋਸ਼ ਲਗਾਏ ਗਏ ਹਨ। 47 ਸਾਲ ਦੇ ਸਟੀਵ ਸਟੈਂਡ ਨੁੰ ਅਮਰੀਕੀ ਅਟਾਰਨੀ ਦਫਤਰ ਵਿਚ ਪੇਸ਼ ਕੀਤਾ ਗਿਆ ਸੀ।