ਕਬੱਡੀ ਵਿੱਚ ਆਸ਼ਾਦੀਪ ਸਪੋਰਟਸ ਅਕੈਡਮੀ ਦੀ ਲੜਕੀਆਂ ਦੀ ਟੀਮ ਜੇਤੂ ਰਹੀ
ਸਤੀਸ਼ ਬਾਂਸਲ, ਬਾਬੂਸ਼ਾਹੀ ਨੈੱਟਵਰਕ
ਸਿਰਸਾ, 18 ਜਨਵਰੀ 2022- ਆਸ਼ਾਦੀਪ ਸਪੋਰਟਸ ਅਕੈਡਮੀ ਸਿਰਸਾ ਦੀਆਂ ਲੜਕੀਆਂ ਦੀ ਟੀਮ ਨੇ ਪਿੰਡ ਪੰਜੂਆਣਾ ਵਿੱਚ ਕਰਵਾਏ ਦੋ ਰੋਜ਼ਾ ਕਬੱਡੀ ਮੁਕਾਬਲੇ ਵਿੱਚ ਜਿੱਤ ਦਾ ਮਾਣ ਹਾਸਲ ਕੀਤਾ ਹੈ। ਫਾਈਨਲ ਵਿੱਚ ਸੁਸਾਇਟੀ ਦੀ ਟੀਮ ਨੇ ਬੱਕਰੀਆਂ ਵਾਲੀ ਦੀ ਟੀਮ ਨੂੰ ਹਰਾ ਕੇ ਟਰਾਫੀ ’ਤੇ ਕਬਜ਼ਾ ਕੀਤਾ। ਮੁਕਾਬਲੇ ਦੇ ਅੰਤ ਵਿੱਚ ਪੰਜਾਬੀ ਕਲਾਕਾਰ ਫਤਿਹ ਸਿਆਣ ਅਤੇ ਮਾਣੀ ਭਾਟ ਨੇ ਸ਼ਿਰਕਤ ਕੀਤੀ ਅਤੇ ਗਾਇਕੀ ਨਾਲ ਸਮਾਂ ਬੰਨਿਆ । ਦੋਵਾਂ ਕਲਾਕਾਰਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਦਾ ਸੱਦਾ ਦਿੱਤਾ। ਸੁਸਾਇਟੀ ਦੇ ਚੇਅਰਮੈਨ ਅਸ਼ੀਸ਼ ਸਵਾਮੀ ਨੇ ਦੱਸਿਆ ਕਿ ਦੋ ਰੋਜ਼ਾ ਮੁਕਾਬਲਿਆਂ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਅਨੁਸ਼ਾਸਨ ਵਿੱਚ ਰਹਿੰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਵਾਮੀ ਨੇ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ। ਨੌਜਵਾਨਾਂ ਵਿੱਚ ਜਿੱਤ ਦਾ ਜਜ਼ਬਾ ਪੈਦਾ ਕਰਦਾ ਹੈ। ਮੁਕਾਬਲੇ ਨੌਜਵਾਨਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਵੀ ਸਿਖਾਉਂਦੇ ਹਨ। ਸਵਾਮੀ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਬਿਹਤਰ ਸਿਹਤ ਦੇ ਨਾਲ-ਨਾਲ ਮਾਨਸਿਕ ਚੁਸਤੀ ਵੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਚਿੱਟਾ ਅਤੇ ਹੋਰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਚੰਗੇ ਭਵਿੱਖ ਲਈ ਉਪਰਾਲੇ ਕਰਨ ਲਈ ਪ੍ਰੇਰਿਆ। ਮੁਕਾਬਲਿਆਂ ਦੇ ਅੰਤ ਵਿੱਚ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।