ਚੰਨੀ ਸਰਕਾਰ ਦੇ 15 ਦਿਨ ਬਾਕੀ, ਫਿਰ ਆਵੇਗੀ ਲੋਕਾਂ ਦੀ ਆਪਣੀ ਬਾਦਲ ਸਰਕਾਰ : ਜਸਪਾਲ ਚੱਠਾ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 14 ਦਸੰਬਰ 2021 : ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸਿਰਫ 15 ਦਿਨ ਬਾਕੀ ਰਹਿ ਗਏ ਹਨ ਜਿਸ ਮਗਰੋਂ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਗਾ ਦਿੱਤਾ ਜਾਵੇਗਾ ਤੇ ਚੋਣਾਂ ਤੋਂ ਬਾਅਦ ਸੂਬੇ ਵਿਚ ਲੋਕਾਂ ਦੀ ਆਪਣੀ ਬਾਦਲ ਸਰਕਾਰ ਆਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਦਿਹਾਤੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੁ ਚੱਠਾ ਨੇ ਕੀਤਾ ਹੈ।
ਇਥੇ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਹੋਏ ਰਾਜਿੰਦਰ ਸਿੰਘ ਵਿਰਕ ਦਾ ਸਾਬਕਾ ਕੌਂਸਲਰਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਸਨਮਾਨ ਕੀਤੇ ਜਾਣ ਲਈ ਰੱਖੇ ਸਮਾਗਮ ਵਿਚ ਜਸਪਾਲ ਸਿੰਘ ਬਿੱਟੁ ਚੱਠਾ ਨੇ ਕਿਹਾ ਕਿ ਪਹਿਲਾਂ ਤਾਂ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੇਲੇ ਪੌਣੇ ਪੰਜ ਸਾਲ ਬਹੁਤ ਔਖੇ ਕੱਟੇ ਸਨ ਪਰ ਮੌਜੂਦਾ ਤਿੰਨ ਮਹੀਨਿਆਂ ਦੇ ਰਾਜ ਵਿਚ ਚਰਨਜੀਤ ਸਿੰਘ ਚੰਨੀ ਨੇ ਸਰਕਾਰ ਅਤੇ ਮੁੱਖ ਮੰਤਰੀ ਦੇ ਅਹੁਦੇ ਦਾ ਮਖੌਲ ਬਣਾ ਕੇ ਰੱਖ ਦਿੱਤਾ ਤੇ ਰੋਜ਼ਾਨਾ ਨਿੱਤ ਨਵੀਂ ਵੀਡੀਓ ਜਾਂ ਪੋਸਟ ਉਹਨਾਂ ਦੇ ਮਖੌਲ ਦੀ ਸਾਹਮਣੇ ਆ ਰਹੀ ਹੈ। ਉਹਨਾਂ ਕਿਹਾ ਕਿ ਲੋਕ ਬੇਸਬਰੀ ਨਾਲ ਚੋਣਾਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਕਾਂਗਰਸ ਨੂੰ ਚਲਦਾ ਕਰ ਕੇ ਲੋਕਾਂ ਦੀ ਆਪਣੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਾਈ ਜਾ ਸਕੇ।
ਇਸ ਮੌਕੇ ਮਾਣ ਤੇ ਸਤਿਕਾਰ ਲਈ ਪਾਰਟੀ ਹਾਈ ਕਮਾਂਡ ਤੇ ਸਾਬਕਾ ਕੌਂਸਲਰਾਂ ਤੇ ਹੋਰਨਾਂ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਅਕਾਲੀ ਦਲ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਹਾਈ ਕਮਾਂਡ ਨੇ ਉਹਨਾਂ ਨੁੰ ਮੀਤ ਪ੍ਰਧਾਨ ਨਿਯੁਕਤ ਕਰ ਕੇ ਤੇ ਬਿੱਟੂ ਚੱਠਾ ਨੂੰ ਉਮੀਦਵਾਰ ਬਣਾ ਕੇ ਵਰਕਰਾ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਵਰਕਰਾਂ ਦਾ ਬਣਦਾ ਮਾਣ ਸਤਿਕਾਰ ਹੋਵੇਗਾ ਤੇ ਪਾਰਟੀ ਲਈ ਮਿਹਨਤ ਕਰਨ ਵਾਲਿਆਂ ਦੀ ਹਮੇਸ਼ਾ ਕਦਰ ਹੋਵੇਗੀ। ਉਹਨਾਂ ਕਿਹਾ ਕਿ ਉਹ ਵੀ ਆਪਣੀ ਟੀਮ ਨਾਲ ਪੂਰੀ ਮਿਹਨਤ ਕਰ ਕੇ ਪਾਰਟੀ ਹਾਈ ਕਮਾਂਡ ਵੱਲੋਂ ਪ੍ਰਗਟਾਏ ਭਰੋਸੇ 'ਤੇ ਖਰ੍ਹੇ ਉਤਰਨਗੇ।
ਇਸ ਮੌਕੇ ਸਾਬਕਾ ਕੌਂਸਲਰ ਸੰਦੀਪ ਸੰਧੂ, ਹਰਵਿੰਦਰ ਬੱਬੂ, ਮੰਡੇਰ ਸਿੰਘ ਕੌਣ, ਗੁਰਤੇਜ ਸਿੰਘ , ਪਰਮਿੰਦਰ ਸਿੰਘ ਗਿੱਲ, ਮੀਤ ਸਿੰਘ ਵਿਰਕ, ਜਸਕਰਨ ਸਿੰਘ, ਸੋਨੂੰ ਤੇ ਹੋਰ ਪਤਵੰਤੇ ਹਾਜ਼ਰ ਸਨ।