ਚਰਨਜੀਤ ਚੰਨੀ ਨੂੰ ਪੜ੍ਹਾ ਕੇ ਮੁੱਖ ਮੰਤਰੀ ਮੰਤਰੀ ਬਣਾਉਣ ਵਾਲੇ ਅਧਿਆਪਕ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਵਾਉਣ ਲਈ ਸੜਕਾਂ ‘ਤੇ ਉਤਰਨ ਲਈ ਹੋਏ ਮਜਬੂਰ
ਜੀ ਐਸ ਪੰਨੂ
ਪਟਿਆਲਾ,4ਦਸੰਬਰ,2021 - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੜ੍ਹਾਉਣ ਵਾਲੇ ਏਡਿਡ ਸਕੂਲਾਂ ਦੇ ਅਧਿਆਪਕ ਖੁਦ ਹੀ ਆਪਣੇ ਸ਼ਾਗਿਰਦ ਤੋਂ ਨਿਰਾਸ਼ ਹਨ। ਮੁੱਖ ਮੰਤਰੀ ਨਾ ਤਾਂ ਉਹਨਾਂ ਨੂੰ ਛੇਵੇ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾ ਲਾਗੂ ਕਰ ਰਹੇ ਹਨ ਅਤੇ ਨਾ ਹੀ ਉਹਨਾਂ ਦੀ ਯੂਨੀਅਨ ਨੂੰ ਮੀਟਿੰਗ ਦਾ ਸਮਾਂ ਦੇ ਰਹੇ ਹਨ। ਜਿਸ ਕਰਕੇ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਨੇ ਮੁੱਖ ਮੰਤਰੀ ਵਲੋਂ ਉਹਨਾਂ ਦੀ ਕੋਈ ਸੁਣਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਇਸ ਲਈ ਜਥੇਬੰਦੀ ਨੇ ਸਰਕਾਰ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਸਕੂਲ ਵਿਚ ਪੜ੍ਹੇ ਹਨ, ਉਸ ਸਕੂਲ ਦੇ ਮੁੱਖ ਮੰਤਰੀ ਦੇ ਉਸਤਾਦ ਹੀ ਮੁੱਖ ਮੰਤਰੀ ਤੋਂ ਬੁਰੀ ਤਰ੍ਹਾਂ ਨਿਰਾਸ਼ ਹਨ। ਮੁੱਖ ਮੰਤਰੀ ਚੰਨੀ ਖ਼ੁਦ ਖਰੜ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਹੇ ਹਨ, ਜੋ ਕਿ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਹੈ। ਮੁੱਖ ਮੰਤਰੀ ਵਲੋਂ ਇਹਨਾਂ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਲਈ ਨਵੇਂ ਪੇ ਕਮਿਸ਼ਨ ਨੂੰ ਲਾਗੂ ਤਾਂ ਕੀ ਕਰਨਾ ਸੀ, ਉਲਟਾ ਇਹਨਾਂ ਸਕੂਲ਼ਾਂ ਦੇ ਅਧਿਆਪਕਾਂ ਨੂੰ ਮੁੱਖ ਮੰਤਰੀ ਵਲੋਂ ਮੀਟਿੰਗ ਦਾ ਸਮਾਂ ਤੱਕ ਨਹੀ ਦਿੱਤਾ ਜਾ ਰਿਹਾ।
ਇਸ ਸਬੰਧ ਵਿਚ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੇ ਸੂਬਾ ਸਰਪ੍ਰਸਤ ਗੁਰਚਰਨ ਸਿੰਘ ਚਾਹਲ ਤੇ ਸੂਬਾ ਪ੍ਰਧਾਨ ਐਨ.ਐਨ. ਸੈਣੀ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਅਗਰ ਮੁੱਖ ਮੰਤਰੀ ਵਲੋਂ ਦੋ ਦਿਨਾਂ ਅੰਦਰ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਛੇਵਾਂ ਪੇ ਕਮਿਸ਼ਨ ਲਾਗੂ ਕਰਨ ਲਈ ਯੂਨੀਅਨ ਨਾਲ ਮੀਟਿੰਗ ਕਰਕੇ ਮਸਲਾ ਹੱਲ ਨਾ ਕੀਤਾ ਤਾਂ ਯੂਨੀਅਨ ਮੁੱਖ ਮੰਤਰੀ ਦੇ ਆਪਣੇ ਹਲਕੇ ਵਿੱਚ ਜਬਰਦਸਤ ਸੰਘਰਸ਼ ਸ਼ੁਰੂ ਕਰੇਗੀ। ਯੂਨੀਅਨ ਆਗੂਆਂ ਨੇ ਕਿਹਾ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਸਾਰੇ ਤਨਖਾਹ ਕਮਿਸ਼ਨਾਂ ਦੀ ਸ਼ਿਫਾਰਸ਼ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਤੇ ਲਾਗੂ ਕੀਤੀਆਂ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਮੁੱਖ ਮੰਤਰੀ ਖ਼ੁਦ ਇਹਨਾਂ ਸਕੂਲਾਂ ਵਿਚ ਪੜ੍ਹੇ ਹਨ , ਉਸ ਦੀ ਆਪਣੀ ਸਰਕਾਰ ਹੀ ਇਹਨਾਂ ਸਕੂਲਾਂ ਦੇ ਉਸਤਾਦਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।ਯੂਨੀਅਨ ਆਗੂਆਂ ਨੇ ਕਿਹਾ ਕਿ ਅਗਰ ਮੁੱਖ ਮੰਤਰੀ ਵਲੋਂ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਮੁੱਖ ਮੰਤਰੀ ਨੂੰ ਪੜ੍ਹਾਉਣ ਵਾਲੇ ਅਧਿਆਪਕ ਜਥੇਬੰਦੀ ਨਾਲ ਮਿਲ ਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਮਰਨ ਵਰਤ ਤੇ ਬੈਠਣਗੇ।
ਯੂਨੀਅਨ ਆਗੂਆਂ ਨੇ ਮੁੱਖ ਮੰਤਰੀ ਚੰਨੀ ਨੂੰ ਅਪੀਲ ਕੀਤੀ ਕਿ ਉਹ ਅਗਰ ਆਪਣੇ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਸਤਿਕਾਰ ਕਰਦੇ ਹਨ ਤਾਂ ਛੇਵੇ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾ ਲਾਗੂ ਕਰਨ ਲਈ ਯੂਨੀਅਨ ਨੂੰ ਤਰੁੰਤ ਬੁਲਾ ਕੇ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਕਰਮਚਾਰੀਆਂ ਤੇ ਲਾਗੂ ਕਰੇ। ਇਸ ਮੌਕੇ ਉਹਨਾਂ ਨਾਲ ਸੂਬਾ ਸਕੱਤਰ ਅਸ਼ਵਨੀ ਸ਼ਰਮਾ, ਰਣਜੀਤ ਸਿੰਘ ਅਨੰਦਪੁਰ ਸਾਹਿਬ, ਹਰਦੀਪ ਸਿੰਘ ਢੀਂਡਸਾ ਰੋਪੜ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਭੁੱਲਰ, ਦਲਜੀਤ ਸਿੰਘ ਖਾਲਸਾ ਖਰੜ, ਪ੍ਰਿੰ.ਗਿੱਲ ,ਯਾਦਵਿੰਦਰ ਕੁਮਾਰ ਕੁਰਾਲੀ, ਸ਼ਰਨਜੀਤ ਸਿੰਘ, ਗੁਰਮੀਤ ਸਿੰਘ ਲੁਧਿਆਣਾ, ਰੁਪਿੰਦਰ ਹੁਸ਼ਿਆਰਪੁਰ, ਰਾਜ ਕੁਮਾਰ ਮਿਸ਼ਰਾ,ਅਜੇ ਚੌਹਾਨ ਅਮ੍ਰਿਤਸਰ, ਰਿਪੁਦਮਨ ਸਿੰਘ, ਅੰਗਰੇਜ ਸ਼ਰਮਾ, ਹਰਵਿੰਦਰ ਪਾਲ, ਰਾਜੇਸ਼ ਸ਼ਰਮਾ, ਅਨਿਲ ਭਾਰਤੀ ਪਟਿਆਲਾ, ਕ੍ਰਿਸ਼ਨ ਕੁਮਾਰ ਫਰੀਦਕੋਟ, ਪ੍ਰਵੀਨ ਕੁਮਾਰ ਬਠਿੰਡਾ, ਰਜਿੰਦਰ ਸ਼ਰਮਾ ਨਵਾਂਸ਼ਹਿਰ, ਅਰਵਿੰਦਰ ਬੈਂਸ ਜਲੰਧਰ, ਰੁਪਿੰਦਰਜੀਤ ਸਿੰਘ ਢਿੱਲੋਂ, ਸ਼੍ਰੀਕਾਂਤ ਬਠਿੰਡਾ, ਸ਼ੁਸ਼ੀਲ ਕੁਮਾਰ ਪਠਾਨਕੋਟ, ਪ੍ਰਵੀਨ ਕੁਮਾਰ ਮੋਗਾ, ਕ੍ਰਿਸ਼ਨ ਕੁਮਾਰ ਫਰੀਦਕੋਟ, ਸ਼ੰਮੀ ਖਾਨ ਮਾਨਸਾ, ਰਵਿੰਦਰ ਪੁਰੀ ਅਹਿਮਦਗੜ੍ਹ, ਨਾਭਾ ਤੋਂ ਅਸ਼ਵਨੀ ਮਦਾਨ,ਅਨੀਤਾ ਰਾਣੀ, ਪੂਜਾ ਸ਼ਰਮਾ ਅਤੇ ਹੋਰ ਆਗੂ ਵੀ ਹਾਜ਼ਰ ਸਨ।