ਮੋਰਿੰਡਾ ਰੈਲੀ ਲਈ ਐਨ .ਪੀ .ਐਸ .ਮੁਲਾਜ਼ਮ ਹੋਏ ਪੱਬਾਂ ਭਾਰ
ਬਾਬੂਸ਼ਾਹੀ ਨੈੱਟਵਰਕ
ਨਵਾਂ ਸ਼ਹਿਰ,03 ਦਸੰਬਰ 2021- ਪੁਰਾਣੀ ਪੈਂਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ਸ਼ੀਲ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਐਨ. ਪੀ. ਐਸ. ਮੁਲਾਜ਼ਮ 5 ਦਸੰਬਰ ਦੀ ਮੋਰਿੰਡਾ ਪੈਨਸ਼ਨ ਅਧਿਕਾਰ ਮਹਾਰੈਲੀ ਲਈ ਦਿਨ ਰਾਤ ਇੱਕ ਕਰ ਸੁਨੇਹੇ ਦੇਣ ਵਿੱਚ ਜੁਟ ਗਏ ਹਨ ਮੁਲਾਜ਼ਮ ਵਿੱਚ ਰੈਲੀ ਸਬੰਧੀ ਜੋਸ਼ ਤੇ ਉਤਸ਼ਾਹ ਦੇਖ ਕੇ ਇੰਝ ਪਰਤੀਤ ਹੁੰਦਾ ਹੈ ਕਿ ਨਵੀਂ ਪੈਨਸ਼ਨ ਵਿਰੁੱਧ ਇਹ ਰੈਲੀ ਇਤਿਹਾਸਕ ਹੋ ਨਿਬੜੇਗੀ। ਯਾਦ ਰਹੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾਧਾਰੀ ਸਿਆਸੀ ਪਾਰਟੀ ਦੇ ਆਗੂਆਂ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਦੇ ਵਾਅਦੇ ਕੀਤੇ ਗਏ ਸਨ। ਹਣ ਜਦੋਂ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੇ ਆਇਆ ਹੈ ਅਤੇ ਵੱਖ ਵੱਖ ਪ੍ਰਦਰਸ਼ਨਾਂ ਰਾਹੀਂ ਸਰਕਾਰ ਨੂੰ ਬਾਰ ਬਾਰ ਇਹ ਵਾਅਦਾ ਯਾਦ ਵੀ ਕਰਾਇਆ ਗਿਆ ਤਾਂ ਜੋ ਪੁਰਾਣੀ ਪੈਂਨਸ਼ਨ ਬਹਾਲ ਹੋ ਸਕੇ ਪਰ ਕਾਂਗਰਸ ਸਰਕਾਰ ਨੇ ਕੀਤੇ ਵਾਅਦਿਆਂ ਤੋਂ ਭੱਜਦੀ ਨਜਰ ਆ ਰਹੀ ਹੈ। ਐਨ ਪੀ ਐਸ ਦਾ ਛਲਾਵਾ ਅੱਜ ਦੇ ਸਮੇਂ ਜੱਗ ਜਾਹਰ ਹੋ ਚੁੱਕਾ ਹੈ ਇਸਦੇ ਮਾੜੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ ਤੇ ਇਸ ਸਕੀਮ ਦੇ ਅਧੀਨ ਆਉਂਦੇ ਮੁਲਾਜ਼ਮਾਂ ਦਾ ਬੁਢਾਪਾ ਰੁਲਣਾ ਤੈਅ ਹੈ। ਲੱਗਭੱਗ ਦੋ ਲੱਖ ਮੁਲਾਜ਼ਮ ਆਉਣ ਵਾਲੇ ਸਾਲਾਂ ਵਿੱਚ ਇਸ ਤੋਂ ਪ੍ਰਭਾਵਿਤ ਹੋਵੇਗਾ।
ਆਗੂ ਗੁਰਦਿਆਲ ਮਾਨ,ਜੁਝਾਰ ਸੰਹੂਗੜਾ,ਹਰਪ੍ਰੀਤ ਬੰਗਾ,ਮਨਜਿੰਦਰਜੀਤ ਰਾਹੋਂ,ਅਜੀਤ ਗੁੱਲਪੁਰੀ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਕਿਸਾਨ ਮਾਰੂ ਕਾਲੇ ਕਾਨੂੰਨ ਵਾਪਸ ਲਏ ਹਨ ਪੰਜਾਬ ਸਰਕਾਰ ਨੂੰ ਨੌਕਰੀਪੇਸ਼ਾ ਕਿਸਾਨ ਪੁੱਤਰਾਂ ਤੇ ਸਤਾਰਾਂ ਸਾਲ ਪਹਿਲਾਂ ਥੋਪਿਆ ਗਿਆ ਐਨ ਪੀ ਐਸ ਦਾ ਕਾਲਾ ਕਾਨੂੰਨ ਬਿਨਾਂ ਦੇਰੀ ਵਾਪਸ ਲੈਣ ਦੀ ਪਹਿਲ ਕਰਨੀ ਚਾਹੀਦੀ ਹੈ ਅਤੇ ਨਵੀਂ ਪੈਨਸ਼ਨ ਸਕੀਮ ਨੂੰ ਘੋਖਣ ਲਈ ਬਣੀ ਡੀ ਪੀ ਰੈਡੀ ਕਮੇਟੀ ਆਪਣੀ ਰਿਪੋਰਟ ਜਲਦੀ ਜਨਤਕ ਕਰੇ। ਆਗੂ ਗੁਰਦਿਆਲ ਮਾਨ ਜਿਲ੍ਹਾ ਕੰਨਵੀਨਰ ਨੇ ਦੱਸਿਆ ਕਿ ਪੰਜਾਬ ਭਰ ਤੋਂ ਐਨ ਪੀ ਐਸ ਮੁਲਾਜਮ 5 ਦਸੰਬਰ ਨੂੰ ਮੋਰਿੰਡਾ ਪਹੁੰਚ ਰਹੇ ਹਨ ਇਸ ਬਾਰ ਦੀ ਰੈਲੀ ਜਿੱਥੇ ਚੰਨੀ ਸਰਕਾਰ ਨੂੰ ਵਾਅਦਾ ਯਾਦ ਕਰਵਾਏਗੀ ਉੱਥੇ ਮੁੱਖ ਮੰਤਰੀ ਵੱਲੋਂ ਮਸਲੇ ਹੱਲ ਕਰਨ ਦੀ ਪੋਲ ਵੀ ਖੋਲੇਗੀ। ਇਸ ਰੈਲੀ ਦੀਆਂ ਜਬਰਦਸਤ ਤਿਆਰੀਆਂ ਕਰ ਲਈਆਂ ਗਈਆਂ ਹਨ। ਹਰ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਹਰ ਮੁਲਾਜ਼ਮ ਬੇਸਬਰੀ ਨਾਲ ਪੰਜ ਦਸੰਬਰ ਦਾ ਇੰਤਜਾਰ ਕਰ ਰਿਹਾ ਹੈ। ਇਸ ਮੌਕੇ ਤੇ ਜੁਝਾਰ ਸੰਹੂਗੜਾ,ਹਰਪ੍ਰੀਤ ਬੰਗਾ,ਅਸ਼ੋਕ ਪਠਲਾਵਾ,ਯੁਗਰਾਜ ਸਿੰਘ,ਮਨਜਿੰਦਰਜੀਤ ਰਾਹੋਂ,ਗੁਰਦੀਸ਼ ਸਿੰਘ,ਮਨੋਹਰ ਲਾਲ ਆਦਿ ਹਾਜ਼ਰ ਸਨ।