ਅਕਾਲੀ ਆਗੂਆਂ ਦੀਆਂ ਬੱਸ ਕੰਪਨੀਆਂ ਵੱਲੋਂ ਦਾਇਰ ਪਟੀਸ਼ਨਾਂ ’ਤੇ ਹਾਈ ਕੋਰਟ ਵੱਲੋਂ ਫੈਸਲਾ ਰਾਖਵਾਂ
ਚੰਡੀਗੜ੍ਹ, 3 ਦਸੰਬਰ, 2021: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋ ਅਕਾਲੀ ਆਗੂਆਂ ਦੀਆਂ ਬੱਸ ਕੰਪਨੀਆਂ ਵੱਲੋਂ ਪਰਮਿਟ ਰੱਦ ਕਰਨ ਤੇ ਬੱਸਾ ਬੰਦ ਕਰਨ ਦੇ ਮਾਮਲੇ ’ਤੇ ਦਾਇਰ ਕੀਤੀਆਂ ਰਿੱਟ ਪਟੀਸ਼ਨਾਂ ’ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।
ਅਕਾਲੀ ਆਗੂ ਡਿੰਪੀ ਢਿੱਲੋਂ ਦੀਆਂ ਦੋ ਕੰਪਨੀਆਂ ਨਿਊ ਦੀਪ ਬੱਸ ਸਰਵਿਸ ਤੇ ਨਿਊ ਦੀਪ ਮੋਟਰਜ਼ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਹਨਾਂ ਦੀ ਕੰਪਨੀਆਂ ਦੀਆਂ 24 ਬੱਸਾਂ ਅਕਤੂਬਰ ਮਹੀਨੇ ਵਿਚ ਵੱਖ ਵੱਖ ਤਾਰੀਕਾਂ ਨੂੰ ਬੰਦ ਕਰ ਦਿੱਤੀਆਂ ਗਈਆਂ ਤੇ ਪਰਮਿਟ ਰੱਦ ਕਰ ਦਿੱਤੇ ਗਏ ਹਨ। ਕੰਪਨੀਆਂ ਨੇ ਦੱਸਿਆ ਕਿ ਉਹਨਾਂ ਨੇ ਬਕਾਇਆ ਟੈਕਸ ਦਾ ਹਿੱਸਾ ਭਰਿਆ ਸੀ ਪਰ ਫਿਰ ਵੀ ਅਗਲੇ ਹੀ ਦਿਨ ਉਹਨਾਂ ਦੀਆਂ 6 ਬੱਸਾਂ ਬੰਦ ਕਰ ਦਿੱਤੀਆਂ ਗਈਆਂ।
ਹਿੰਦੋਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਬਾਦਲਾਂ ਦੀ ਕੰਪਨੀ ਓਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਵੱਲੋਂ ਦਾਇਰ ਪਟੀਸ਼ਨ ’ਤੇ ਹਾਈ ਕੋਰਟ ਨੇ ਕੰਪਨੀ ਦੀਆਂ 32 ਬੱਸਾਂ ਛੱਡ ਦੇਣ ਅਤੇ ਇਹਨਾਂ ਦੇ ਪਰਮਿਟ ਆਰਜ਼ੀ ਤੌਰ ’ਤੇ ਬਹਾਲ ਕਰਨ ਦੇ ਹੁਕਮ ਦਿੱਤੇ ਸਨ।
ਹੁਣ ਹਾਈ ਕੋਰਟ ਨੇ ਦੋਵਾਂ ਮਾਮਲਿਆਂ ਵਿਚ ਫੈਸਲਾ ਰਾਖਵਾਂ ਰੱਖ ਲਿਆ ਹੈ।
ਇਸ ਕੇਸ ਵਿਚ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੁੰ ਵੀ ਧਿਰ ਬਣਾਇਆ ਗਿਆ ਸੀ ਪਰ ਉਹਨਾਂ ਅਦਾਲਤ ਵਿਚ ਕਿਹਾ ਕਿ ਪਰਮਿਟ ਰੱਦ ਹੋਣ ਨਾਲ ਉਹਨਾਂ ਦਾਕੋਈ ਲੈਣ ਦੇਣ ਨਹੀਂ ਹੈ ਜੋ ਹੋਇਆ, ਨਿਯਮਾਂ ਮੁਤਾਬਕ ਹੋਇਆ ਹੈ।