ਭਰੋਸਾ ਲਾਰਾ ਸਾਬਤ ਹੋਇਆ ਤਾਂ ਬੇਰੁਜ਼ਗਾਰ 30 ਨੂੰ ਮੁੜ ਕਰਨਗੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਕੋਠੀ ਦਾ ਘਿਰਾਓ
ਦਲਜੀਤ ਕੌਰ ਭਵਾਨੀਗੜ੍ਹ
- ਟੈਂਕੀ ਮੋਰਚਾ ਅਤੇ ਭੁੱਖ ਹੜਤਾਲ ਜਾਰੀ
ਜਲੰਧਰ, 28 ਨਵੰਬਰ, 2021: ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਪਿਛਲੀ 28 ਅਕਤੂਬਰ ਤੋਂ ਬੈਠੇ ਦੋ ਬੇਰੁਜ਼ਗਾਰਾਂ ਨੂੰ ਇਕ ਮਹੀਨਾ ਪੂਰਾ ਹੋ ਚੁੱਕਾ ਹੈ, ਪ੍ਰੰਤੂ ਅਜੇ ਤੱਕ ਸਿੱਖਿਆ ਮੰਤਰੀ ਵੱਲੋ ਕੋਈ ਸਾਰ ਨਹੀਂ ਲਈ ਗਈ।
ਜ਼ਿਕਰਯੋਗ ਹੈ ਕਿ ਬੀਤੇ 25 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੈਠੇ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਨੂੰ ਮੰਤਰੀ ਦੇ ਸਕੱਤਰ ਮਨਵੀਰ ਸਿੰਘ ਨੇ ਭਰੋਸਾ ਦਿੱਤਾ ਸੀ ਕਿ 28 ਨਵੰਬਰ ਨੂੰ ਪੰਜਾਬ ਸਰਕਾਰ ਬੇਰੁਜ਼ਗਾਰਾਂ ਦੇ ਮਸਲੇ ਹੱਲ ਕਰਨ ਲਈ ਮੀਟਿੰਗ ਕਰੇਗੀ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਮੰਤਰੀ ਦੇ ਸਕੱਤਰ ਮਨਵੀਰ ਸਿੰਘ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਦੀ ਮੀਟਿੰਗ ਵਿੱਚ ਹੋਈ ਕਾਰਵਾਈ ਬਾਰੇ 29 ਨਵੰਬਰ ਨੂੰ ਬੇਰੁਜ਼ਗਾਰਾਂ ਨੂੰ ਬੁਲਾ ਦੱਸ ਦਿੱਤਾ ਜਾਵੇਗਾ।
ਸ਼੍ਰੀ ਢਿੱਲਵਾਂ ਨੇ ਕਿਹਾ ਕਿ ਜੇਕਰ 30 ਨਵੰਬਰ ਤੋਂ ਪਹਿਲਾਂ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੀਆਂ ਮੰਗਾਂ ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਭਰਨ ਲਈ ਐਲਾਨ ਨਾ ਕੀਤਾ ਤਾਂ 30 ਨਵੰਬਰ ਨੂੰ ਮੁੜ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਇੱਥੇ ਸਥਾਨਕ ਬੱਸ ਅੱਡੇ ਵਿਖੇ ਚੱਲ ਰਹੇ ਪੱਕੇ ਧਰਨੇ ਉੱਤੇ ਲਗਾਤਾਰ ਭੁੱਖ ਹੜਤਾਲ ਜਾਰੀ ਹੈ। ਅੱਜ ਮਨਦੀਪ ਸਿੰਘ ਭੱਦਲਵੱਡ, ਹਰਮੇਸ਼ ਸੰਗਰੂਰ, ਅਵਤਾਰ ਸਿੰਘ ਭੁੱਲਰਹੇੜੀ, ਜਗਤਾਰ ਨਾਭਾ ਅਤੇ ਰਸਨਪ੍ਰੀਤ ਝਾੜੋਂ ਭੁੱਖ ਹੜਤਾਲ ਉੱਤੇ ਬੈਠੇ।