ਪੰਜਾਬ ਪੁਲਿਸ ਕਾਂਸਟੇਬਲ ਦੀਆਂ ਅਸਾਮੀਆਂ ਦੇ ਚਾਹਵਾਨ ਨਿੱਤਰੇ ਪੰਜਾਬ ਸਰਕਾਰ ਦੀ ਨੀਤੀ ਵਿਰੁੱਧ
ਜੀ ਐਸ ਪੰਨੂ
ਪਟਿਆਲਾ,28ਨਵੰਬਰ,2021: ਪੰਜਾਬ ਪੁਲਿਸ ਕਾਂਸਟੇਬਲ ਦੀਆਂ ਆਸਾਮੀਆਂ ਦੇ ਲਈ ਪੇਪਰ ਦੇਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਵਲੋਂ ਪਟਿਆਲਾ ਵਿਖੇ ਧਰਨਾ ਲਾਇਆ ਗਿਆ । ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਪੰਜਾਬ ਪੁਲਿਸ ਕਾਂਸਟੇਬਲ ਦਾ ਨਤੀਜਾ ਕੱਢਿਆ ਹੈ ਅਤੇ ਇਨ੍ਹਾਂ ਨੌਜਵਾਨ ਮੁੰਡੇ ਕੁੜੀਆਂ ਦਾ ਅਰੋਪ ਹੈ ਕਿ ਨਤੀਜੇ ਵਿੱਚ ਸਿਰਫ਼ ਰੋਲ ਨੰਬਰ ਅਤੇ ਨਾਮ ਹੀ ਜਾਰੀ ਕੀਤੇ ਗਏ ਹਨ । ਇੰਦਰਜੀਤ ਪਟਿਆਲਾ ਅਤੇ ਰਵੀ ਕੁਮਾਰ ਨੇ ਦੱਸਿਆ ਹੈ ਕਿ ਇਸ ਲਿਸਟ ਵਿੱਚ ਕਿਸੇ ਵੀ ਕੈਂਡੀਡੇਟ ਦੇ ਨੰਬਰ ਨਹੀਂ ਦਰਸਾਏ ਗਏ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੈਟਾਗਰੀ ਮੁਤਾਬਕ ਕੱਟ ਆਫ ਦਰਸਾਈ ਜਾਵੇ ਤਾਂ ਕਿ ਪਾਰਦਰਸ਼ੀ ਢੰਗ ਨਾਲ ਇਹ ਭਰਤੀ ਨੇਪਰੇ ਚਾੜ੍ਹੀ ਜਾ ਸਕੇ ।
ਗੁਰਦੀਪ ਕੌਰ ਅਤੇ ਸ਼ਿਵਾਨੀ ਸ਼ਰਮਾਂ ਨੇ ਕਿਹਾ ਕਿ ਜਦੋਂ ਪੰਜਾਬ ਪੁਲਿਸ ਕਾਂਸਟੇਬਲ ਦਾ ਫਾਰਮ ਭਰਿਆ ਸੀ ਜਿਸ ਵਿੱਚ ਲਿਖਿਆ ਸੀ ਕਿ 25%,30% ਅਤੇ 35% ਵਾਲੇ ਬੱਚੇ ਫਿਜ਼ਿਕਲ ਟੈਸਟ ਲਈ ਬੁਲਾਏ ਜਾਣਗੇ । ਪਰ ਅਜਿਹਾ ਕੁਝ ਵੀ ਨਹੀਂ ਹੋਇਆ? ਜਦੋਂ ਪੰਜਾਬ ਸਰਕਾਰ ਨੇ ਨਤੀਜਾ ਜਾਰੀ ਕੀਤਾ ਹੈ ਤਾਂ 40% ਵਾਲੇ ਬੱਚੇ ਦਾ ਨਾਮ ਹੈ ਅਤੇ 60% ਵਾਲੇ ਬੱਚੇ ਦਾ ਨਾਮ ਨਹੀਂ ਹੈ । ਉਨ੍ਹਾਂ ਕਿਹਾ ਕਿ ਟ੍ਰਾਇਲ ਓਪਨ ਲਏ ਜਾਣ ਜਾਂ ਸਾਡੇ ਨੰਬਰ ਕੈਟਾਗਰੀ ਮੁਤਾਬਕ ਦਰਸਾਏ ਜਾਣ । ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਐਡਮਿਟ ਕਾਰਡ ਰੋਕੇ ਜਾਣ ਜਾਂ ਦੋ ਹਜਾਰ ਸੋਲ਼ਾਂ ਦੀ ਭਰਤੀ ਵਾਂਗ ਬਾਰ੍ਹਵੀਂ ਦੇ ਨੰਬਰਾਂ ਮੁਤਾਬਕ ਟ੍ਰਾਇਲ ਲਏ ਜਾਣ । ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਨ੍ਹਾਂ ਨੌਜਵਾਨਾਂ ਦੇ ਹੱਕ ਨਹੀਂ ਦਿੱਤੇ ਤਾਂ ਆਰ ਪਾਰ ਦੀ ਲੜਾਈ ਲੜਨਗੇ ।