ਕਿਰਤੀ ਕਿਸਾਨ ਯੂਨੀਅਨ ਵਲੋਂ ਥਾਣਾ ਔੜ ਅੱਗੇ ਧਰਨਾ
ਪੁਲਿਸ ਅਧਿਕਾਰੀਆਂ ਨੂੰ ਦਸ ਦਿਨ ਦਾ ਦਿੱਤਾ ਅਲਟੀਮੇਟਮ
ਰਜਨੀਸ਼ ਸਰੀਨ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 28 ਅਕਤੂਬਰ 2021- ਕਿਰਤੀ ਕਿਸਾਨ ਯੂਨੀਅਨ ਵਲੋਂ ਪੁਲਿਸ ਥਾਣਾ ਔੜ ਅੱਗੇ ਧਰਨਾ ਲਾਇਆ ਗਿਆ।ਇਹ ਧਰਨਾ ਬੀਤੇ ਦਿਨੀਂ ਪਿੰਡ ਉੜਾਪੜ ਦੇ ਕਿਸਾਨ ਬਲਵੀਰ ਸਿੰਘ ਦੀ ਝੋਨੇ ਦੀ ਫਸਲ ਜਬਰੀ ਕੱਟਣ ਅਤੇ ਮਾਰਕੁੱਟ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਅਤੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈਕੇ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਅਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ,ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ 21 ਅਕਤੂਬਰ ਨੂੰ ਕਮਲਦੀਪ ਸਿੰਘ ਵਾਸੀ ਪਿੰਡ ਮਹਿਤਪੁਰ ਨੇ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਕਿਸਾਨ ਬਲਵੀਰ ਸਿੰਘ ਵਾਸੀ ਉੜਾਪੜ ਦੀ ਬੀਜੀ ਹੋਈ ਝੋਨੇ ਦੀ ਫਸਲ ਧੱਕੇ ਨਾਲ ਕੱਟ ਲਈ ਗਈ।
ਇਸ ਸਬੰਧੀ ਥਾਣਾ ਔੜ ਦੀ ਪੁਲਿਸ ਨੂੰ ਇਤਲਾਹ ਕਰਨ ਉੱਤੇ ਪੁਲਿਸ ਝੋਨੇ ਦੀ ਟਰਾਲੀ ਸਮੇਤ ਟਰੈਕਟਰ ਪੁਲਸ ਫੜਕੇ ਥਾਣੇ ਲੈ ਗਈ ਪਰ ਪੁਲਸ ਨੇ ਟਰੈਕਟਰ ਟਰਾਲੀ ਦੋਸ਼ੀਆਂ ਵਿਰੁੱਧ ਬਿਨਾਂ ਕੋਈ ਕਾਰਵਾਈ ਕੀਤਿਆਂ ਛੱਡ ਦਿੱਤੇ।ਕਥਿਤ ਦੋਸ਼ੀਆਂ ਵਲੋਂ ਰਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨੰਬਰਦਾਰ ਵਾਸੀ ਉੜਾਪੜ ਦੀ ਮਾਰਕੁੱਟ ਕੀਤੀ ਗਈ।ਉਸਦੀ ਮਾਰਕੁੱਟ ਦਲਜੀਤ ਸਿੰਘ ਐਡਵੋਕੇਟ ਦੇ ਉੜਾਪੜ ਦਫਤਰ ਅੱਗੇ ਕੀਤੀ ਗਈ ਜਿਸਦੀ ਫੁਟੇਜ ਉਸਦੇ ਦਫਤਰ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਰਿਕਾਰਡ ਹੈ।ਆਗੂਆਂ ਨੇ ਕਿਹਾ ਕਿ ਜਿਲੇ ਦੇ ਪੁਲਸ ਅਧਿਕਾਰੀਆਂ ਤੋਂ ਲੈਕੇ ਹੇਠਾਂ ਤੱਕ ਅਧਿਕਾਰੀ ਕਥਿਤ ਦੋਸ਼ੀਆਂ ਦੀ ਮੱਦਦ ਕਰ ਰਹੇ ਹਨ।ਆਗੂਆਂ ਨੇ ਪੁਲਸ ਨੂੰ 10 ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ 10 ਦਿਨ ਦੇ ਅੰਦਰ ਇਨਸਾਫ਼ ਨਾ ਮਿਲਿਆ ਤਾਂ ਕਿਰਤੀ ਕਿਸਾਨ ਯੂਨੀਅਨ ਨਵਾਸ਼ਹਿਰ ਵਿਚ ਪੁਲਸ ਵਿਰੁੱਧ ਤਿੱਖਾ ਐਕਸ਼ਨ ਕਰੇਗੀ।
ਇਸ ਮੌਕੇ ਤਰਸੇਮ ਸਿੰਘ ਬੈਂਸ,ਬੂਟਾ ਸਿੰਘ ਮਹਿਮੂਦ ਪੁਰ, ਗੁਰਬਖਸ਼ ਕੌਰ ਸੰਘਾ ਅਤੇ ਕਮਲਜੀਤ ਸਨਾਵਾ ਨੇ ਵੀ ਸੰਬੋਧਨ ਕੀਤਾ।ਇਹ ਧਰਨਾ ਸਵੇਰੇ 10 ਵਜੇ ਤੋਂ ਲੈਕੇ ਬਾਅਦ ਦੁਪਹਿਰ 2 ਵਜੇ ਤੱਕ ਦਿੱਤਾ ਗਿਆ।