ਸੁਵਿਧਾ ਕੈਂਪ: ਡਿਪਟੀ ਕਮਿਸ਼ਨਰ ਵੱਲੋਂ ਵਿਭਾਗੀ ਸਟਾਲਾਂ ਦਾ ਜਾਇਜ਼ਾ
ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ’ਤੇ ਪਹੁੰਚਾਉਣ ਦੇ ਨਿਰਦੇਸ਼
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਤਪਾ, 28 ਅਕਤੂਬਰ 2021- ਪੰਜਾਬ ਸਰਕਾਰ ਵੱਲੋਂ ਵੱਖ ਵੱਖ ਸਕੀਮਾਂ ਦਾ ਲਾਭ ਇੱਕੋ ਛੱਤ ਥੱਲੇ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਸੁਵਿਧਾ ਕੈਂਪ ਲਾਏ ਜਾ ਰਹੇ ਹਨ। ਇਸ ਤਹਿਤ ਅੱਜ ਤਹਿਸੀਲ ਕੰਪਲੈਕਸ ਤਪਾ ਵਿਖੇ ਸਬ ਡਿਵੀਜ਼ਨ ਪੱਧਰੀ ਸੁਵਿਧਾ ਕੈਂਪ ਲਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਪੁੱਜੇ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਲਾਏ ਸਟਾਲਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਇਹ ਕੈਂਪ ਲੋਕਾਂ ਦੀ ਸਹੂਲਤ ਲਈ ਲਾਏ ਗਏ ਹਨ ਤਾਂ ਜੋ ਲੋਕਾਂ ਨੂੰ ਵੱਖ ਵੱਖ ਸਕੀਮਾਂ ਦਾ ਲਾਭ ਇੱਕੋ ਥਾਂ ’ਤੇ ਦਿੱਤਾ ਜਾ ਸਕੇ। ਉਨਾਂ ਦੱਸਿਆ ਕਿ ਇਹ ਕੈਂਪ 29 ਅਕਤੂਬਰ ਨੂੰ ਵੀ ਜਾਰੀ ਰਹੇਗਾ। ਜੇਕਰ ਕੋਈ ਅੱਜ ਕੈਂਪ ਵਿਚ ਨਹੀਂ ਪੁੱਜ ਸਕਿਆ ਤਾਂ ਉਹ ਦੂਜੇ ਦਿਨ ਵਾਲੇ ਕੈਂਪ ਦਾ ਜ਼ਰੂਰ ਲਾਹਾ ਲਵੇ। ਉਨਾਂ ਦੱਸਿਆ ਕਿ ਜ਼ਿਲਾ ਪੱਧਰੀ ਕੈਂਪ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਲਾਇਆ ਗਿਆ ਹੈ।
ਇਸ ਮੌਕੇ ਉਨਾਂ ਵੱਖ ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਕੈਂਪਾਂ ਵਿਚ ਪੁੱਜਣ ਵਾਲੇ ਲੋਕਾਂ ਨੂੰ ਸਕੀਮਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਸਕੀਮਾਂ ਲਈ ਅਪਲਾਈ ਕਰਨ ਦੀ ਕਾਰਵਾਈ ਪੂਰੀ ਕੀਤੀ ਜਾਵੇ ਤਾਂ ਜੋ ਕਿਸੇ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸਿੱਖਿਆ ਵਿਭਾਗ, ਪੀਐਸਪੀਸੀਐਲ, ਜ਼ਿਲਾ ਸਮਾਜਿਕ ਸੁਰੱਖਿਆ ਦਫਤਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਐਸਸੀ ਕਾਰਪੋਰੇਸ਼ਨ, ਪੀਆਰਟੀਸੀ, ਜ਼ਿਲਾ ਭਲਾਈ ਅਫਸਰ ਦਫਤਰ, ਫੂਡ ਸਪਲਾਈ ਵਿਭਾਗ, ਮਗਨਰੇਗਾ, ਸਿਹਤ ਵਿਭਾਗ, ਸੇਵਾ ਕੇਂਦਰ ਤੇ ਦਫਤਰ ਨਗਰ ਕੌਂਸਲ ਆਦਿ ਵੱਲੋਂ ਆਪਣੇ ਵਿਭਾਗਾਂ ਨਾਲ ਸਬੰਧਤ ਸਕੀਮਾਂ ਬਾਰੇ ਸਟਾਲਾਂ ਲਾਈਆਂ ਗਈਆਂ ਅਤੇ ਸਕੀਮਾਂ ਸਬੰਧੀ ਫਾਰਮ ਭਰਵਾਏ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ, ਉੁਪ ਮੰਡਲ ਮੈਜਿਸਟ੍ਰੇਟ ਤਪਾ ਸ੍ਰੀ ਵਰਜੀਤ ਵਾਲੀਆ, ਬੀਬੀ ਸੁਰਿੰਦਰ ਕੌਰ ਬਾਲੀਆ ਤੇ ਵੱਖ ਵੱਖ ਵਿਭਾਗਾਂ ਤੋਂ ਅਧਿਕਾਰੀ, ਕਰਮਚਾਰੀ ਤੇ ਹੋਰ ਪਤਵੰਤੇ ਹਾਜ਼ਰ ਸਨ।