ਜ਼ਿਲ੍ਹੇ ਦੇ ਕਿਸਾਨਾਂ ਨੂੰ ਹੁਣ ਤੱਕ ਕੀਤੀ ਗਈ 540.78 ਕਰੋੜ ਰੁਪਏ ਦੀ ਅਦਾਇਗੀ – ਸੇਤੀਆ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ 27 ਅਕਤੂਬਰ 2021 - ਜ਼ਿਲ੍ਹੇ ਵਿੱਚ ਚੱਲ ਰਹੀ ਝੋਨੇ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਵੱਲੋਂ ਖਰੀਦ ਏਜੰਸੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ, ਆੜਤੀਆਂ ਜਾਂ ਲੇਬਰ ਨੂੰ ਝੋਨੇ ਦੀ ਖਰੀਦ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਉਨ੍ਹਾਂ ਲਿਫਟਿੰਗ, ਖਰੀਦ ਦੇ ਕੰਮ ਵਿੱਚ ਹੋਰ ਤੇਜੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ।
ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲੇ ਦੀਆਂ ਮੰਡੀਆਂ ਵਿਚ 377874 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ,ਜਿਸ ਵਿਚੋਂ 374625 ਮੀਟ੍ਰਿਕ ਟਨ ਝੋਨੇ ਦੀ ਖਰੀਦ ਵੱਖ ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ ਅਤੇ 540.78 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਝੋਨੇ ਦੀ ਕੱਲ ਸ਼ਾਮ ਤੱਕ ਹੋਈ ਖਰੀਦ ਦੇ ਅੰਕੜਿਆਂ ਮੁਤਾਬਕ ਵੱਖ ਵੱਖ ਏਜੰਸੀਆਂ ਜਿੰਨਾਂ ਵਿੱਚ ਪਨਗ੍ਰੇਨ ਨੇ 132103 ਮੀਟ੍ਰਿਕ ਟਨ, ਮਾਰਕਫੈਡ ਨੇ 102510 ਮੀਟ੍ਰਿਕ ਟਨ, ਪਨਸਪ ਨੇ 91612 ਮੀਟ੍ਰਿਕ ਟਨ ਅਤੇ ਪੰਜਾਬ ਰਾਜ ਗੋਦਾਮ ਨਿਗਮ ਨੇ 43966 ਮੀਟ੍ਰਿਕ ਟਨ, ਐਫ.ਸੀ.ਆਈ 2792 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 1642 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਖਰੀਦੇ ਗਏ ਝੋਨੇ ਵਿੱਚੋਂ 274051 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀ ਵਿੱਚ ਲਿਆਉਣ ਕਿਉਂਕਿ ਮੰਡੀਆ ਵਿੱਚ ਦਾਖਲ ਹੋਣ ਵੇਲੇ ਝੋਨੇ ਦੀ ਨਮੀ ਚੈੱਕ ਕੀਤੀ ਜਾਂਦੀ ਹੈ।ਇਸ ਲਈ ਸਰਕਾਰ ਦੁਆਰਾ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਝੋਨੇ ਦੀ ਕਟਾਈ ਉਪਰੰਤ ਪਰਾਲ਼ੀ ਜਾਂ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਬਲਕਿ ਅਧੁਨਿਕ ਤਕਨੀਕਾਂ ਜਾਂ ਖੇਤੀ ਸੰਦਾਂ ਨਾਲ ਇਸਦਾ ਨਿਪਟਾਰਾ ਕਰਨ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ।