ਮੋਰਿੰਡਾ ’ਚ ਕੀਤੀ ਜਾਣ ਵਾਲੀ ਮਜਦੂਰ ਰੈਲੀ ’ਚ ਪਰਿਵਾਰਾਂ ਸਮੇਤ ਜਾਣ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ,25ਅਕਤੂਬਰ2021: ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪਲਾਟ ਲੈਣ , ਮਜਦੂਰਾਂ ਦੀ ਕਰਜਾ ਮਾਫੀ ,ਬਿਜਲੀ ਬਿੱਲਾਂ ਦੀ ਮਾਫੀ ਤੇ ਪੱਟੇ ਮੀਟਰ ਲਵਾਉਣ,ਮਨਰੇਗਾ ਦਿਹਾੜੀ 600 ਰੁਪਏ ਕਰਵਾਉਣ ,ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਵਾਉਣ, ਵਿਧਵਾ ਬੁਢਾਪਾ ਪੈਨਸ਼ਨਾਂ ਵਿੱਚ ਵਾਧਾ ਕਰਵਾਉਣ ਅਤੇ ਮਜਦੂਰਾਂ ‘ਤੇ ਹੋ ਰਹੇ ਜਬਰ ਨੂੰ ਬੰਦ ਕਰਵਾਉਣ ਲਈ 29 ਅਕਤੂਬਰ ਨੂੰ ਮੋਰਿੰਡਾ ਵਿੱਚ ਹੋ ਰਹੀ ਰੈਲੀ ਵਿੱਚ ਖੇਤ ਮਜਦੂਰ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ ।
ਪਿੰਡ ਚੱਕ ਫਤਿਹ ਸਿੰਘ ਵਾਲਾ ਵਿੱਚ ਹੋਈ ਮਜਦੂਰਾਂ ਦੀ ਮੀਟਿੰਗ ਨੂੰ ਸਬੋਧਨ ਕਰਦੇ ਹੋਏ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਗਿਆਨੀ ਗੁਰਮੇਲ ਸਿੰਘ ਨੇ ਕਾਂਗਰਸ ਸਰਕਾਰ ‘ਤੇ ਦੋਸ਼ ਲਾਇਆ ਕਿ ਮੁੱਖ ਮੰਤਰੀ ਵੱਲੋਂ ਰੋਜ ਨਵੇਂ ਤੋਂ ਨਵੇਂ ਐਲਾਨ ਕੀਤੇ ਜਾ ਰਹੇ ਹਨ ਪਰ ਅਮਲੀ ਪੱਧਰ ‘ਤੇ ਕੁੱਝ ਵੀ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਜਦੂਰਾਂ ਨੂੰ ਪਲਾਟ ਦੇਣ‘ ਪਹਿਲਾਂ ਕੱਟੇ ਪਲਾਟਾ ਦੇ ਇੱਕ ਮਹੀਨੇ ਵਿੱਚ ਕਬਜੇ ਦੇਣ ਤੇ ਬਿਜਲੀ ਦੇ ਪੱਟੇ ਮੀਟਰ ਲਾਉਣ ਦਾ ਲਿਖਤੀ ਸਮਝੌਤਾ ਕੀਤਾ ਗਿਆ ਸੀ ਪਰ ਨਾ ਤਾਂ ਪਲਾਟਾ ‘ਤੇ ਕਬਜੇ ਕਰਵਾਏ ਹਨ ਤੇ ਨਾ ਹੀ ਪੱਟੇ ਮੀਟਰ ਲਾਏ ਜਾ ਰਹੇ ਹਨ। ਇਸ ਤੋਂ ਵੀ ਅੱਗੇ ਪਿੰਡ ਦੀਆਂ ਪੰਚਾਇਤਾਂ ਲੋੜਵੰਦ ਪਰਿਵਾਰਾਂ ਨੂੰ ਪਲਾਟ ਦੇਣ ਦੇ ਮਤੇ ਨਹੀ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਫੋਕੇ ਐਲਾਨ ਕਰਕੇ ਮਜਦੂਰਾਂ ਤੋਂ ਵੋਟਾਂ ਬਟੋਰਨ ਦੀ ਨੀਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮਜਦੂਰਾਂ ਨੂੰ ਜੱਥੇਬੰਦ ਹੋਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ।