ਮਲੂਕਾ ਵੱਲੋਂ ਸਮੂਹ ਸਿਆਸੀ ਧਿਰਾਂ ਨੂੰ ਕਿਸਾਨਾਂ ਦੀ ਬਾਂਹ ਫੜ੍ਹਨ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ,25ਅਕਤੂਬਰ2021 ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਆਖਿਆ ਹੈ ਕਿ ਮੁੱਖ ਮੰਤਰੀ ਨੂੰ ਪਾਰਕਾਂ ਦੇ ਨੀਂਹ ਪੱਥਰ ਤੇ ਹੋਰ ਪ੍ਰਾਜੈਕਟ ਜਾਂ ਗੈਰ ਜਰੂਰੀ ਗਤੀਵਿਧੀਆਂ ਨੂੰ ਛੱਡ ਕੇ ਨਰਮੇ ਅਤੇ ਝੋਨੇ ਦੇ ਨੁਕਸਾਨ ਪੂਰਤੀ ਵੱਲ ਧਿਆਨ ਦੇਣਾ ਚਾਹੀਦਾ ਹੈ । ਇੱਕ ਪ੍ਰੈਸ ਬਿਆਨ ਰਾਹੀਂ ਮਲੂਕਾ ਨੇ ਕਿਹਾ ਕਿ ਮਾਲਵਾ ਖੇਤਰ ਦਾ ਕਿਸਾਨ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਪਹਿਲਾਂ ਹੀ ਆਰਥਿਕ ਤੌਰ ਤੇ ਝੰਬਿਆ ਗਿਆ ਹੈ ਅਤੇ ਹੁਣ ਬੇਮੌਸਮੀ ਬਰਸਾਤ ਨੇ ਸੂਬੇ ਦੇ ਕਈ ਖੇਤਰਾਂ ’ਚ ਝੋਨੇ ਦਾ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਨਰਮੇ ਦੇ ਨੁਕਸਾਨ ਦਾ ਜਾਇਜਾ ਲਿਆਂ ਇੱਕ ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਕਿਸੇ ਵੀ ਕਿਸਾਨ ਨੂੰ ਮੁਆਵਜਾ ਨਹੀਂ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਝੋਨੇ ਦੇ ਨੁਕਸਾਨ ਦੀ ਪੂਰਤੀ ਲਈ ਵੀ ਸਰਕਾਰ ਨੂੰ ਤੁਰੰਤ ਜਰੂਰੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਸਮੇਂ ਸਿਰ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾ ਸਕੇ । ਉਨ੍ਹਾਂ ਮੰਗ ਕੀਤੀ ਕਿ ਸਬਜ਼ੀਆਂ ਦੀ ਕਾਸ਼ਤ ਕਰਨ ਵਾਲਿਆਂ ਨੂੰ ਵੀ ਮੁਆਵਜਾ ਦਿੱਤਾ ਜਾਣਾ ਚਾਹੀਦਾ ਹੈ । ਮਲੂਕਾ ਨੇ ਆਖਿਆ ਕਿ ਇਸ ਮੌਕੇ ਸਾਨੂੰ ਸਭ ਤੋਂ ਪਹਿਲਾਂ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਹੋਏ ਫਸਲ ਦੇ ਨੁਕਸਾਨ ਤੋਂ ਇਲਾਵਾ ਮੰਡੀਆਂ ’ਚ ਵੀ ਝੋਨਾ ਨੁਕਸਾਨਿਆ ਗਿਆ ਹੈ ਇਸ ਲਈ ਮੰਡੀਆਂ ਵਿਚ ਫਸਲਾਂ ਦੀ ਸੰਭਾਲ ਲਈ ਪੁਖਤਾ ਪ੍ਰਬੰਧ ਨਾ ਹੋਣ ਦਾ ਨੁਕਸਾਨ ਕਿਸਾਨਾਂ ਦੇ ਸਿਰ ਨਹੀਂ ਪੈਣਾ ਚਾਹੀਦਾ।
ਮਲੂਕਾ ਨੇ ਮੰਗ ਕੀਤੀ ਕਿ ਮੰਡੀਆਂ ਵਿੱਚ ਪਏ ਝੋਨੇ ਦੀ ਨਮੀ ਤੇ ਹੋਰ ਸ਼ਰਤਾਂ ਚ ਰਿਆਇਤ ਦੇ ਕੇ ਤੁਰੰਤ ਖਰੀਦ ਕਰੇ। ਮਲੂਕਾ ਨੇ ਕਿਹਾ ਕਿ ਸੂਬਾ ਸਰਕਾਰ ਜਿਆਦਾ ਮੁਆਵਜਾ ਦੇਣ ’ਚ ਸਮਰੱਥ ਨਹੀਂ ਹੈ ਇਸ ਲਈ ਸੂਬੇ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਆਪਸੀ ਲੜਾਈ ਛੱਡ ਕੇ ਕਿਸਾਨਾਂ ਦੇ ਹੱਕ ਵਿਚ ਲੜਨਾ ਚਾਹੀਦਾ ਹੈ। ਮਲੂਕਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸੂਬੇ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਸਾਂਝਾ ਵਫ਼ਦ ਲੈ ਕੇ ਕਿਸਾਨਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਦਾ ਬੂਹਾ ਖੜਕਾਉਣ। ਇਸ ਮੌਕੇ ਜਥੇਦਾਰ ਸਤਨਾਮ ਸਿੰਘ ਭਾਈਰੂਪਾ , ਸਾਬਕਾ ਚੇਅਰਮੈਨ ਗਗਨਦੀਪ ਗਰੇਵਾਲ, ਰਾਕੇਸ਼ ਗੋਇਲ ਭਗਤਾ , ਜਗਮੋਹਣ ਲਾਲ ਭਗਤਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਹਾਜਰ ਸਨ।