ਰਣਜੀਤ ਸਿੰਘ ਦੇ ਮੁੰਡੇ ਨੂੰ ਅੱਜ ਵੀ ਯਾਦ ਹੈ ਕਤਲ ਦਾ ਮੰਜ਼ਰ, 19 ਸਾਲ ਬਾਅਦ ਜਗਸੀਰ ਸਿੰਘ ਮਨਾਏਗਾ ਦੀਵਾਲੀ
ਬਾਬੂਸ਼ਾਹੀ ਨੈੱਟਵਰਕ
ਮੋਰਿੰਡਾ,20 ਅਕਤੂਬਰ 2021-ਡੇਰਾ ਸਿਰਸਾ ਮੁਖੀ ਨੂੰ ਸਜ਼ਾ ਦੇ ਫੈਸਲੇ ਨਾਲ ਪਰਿਵਾਰਕ ਮੈਂਬਰਾਂ ਖ਼ਾਸ ਕਰਕੇ ਰਣਜੀਤ ਸਿੰਘ ਦੇ ਮੁੰਡੇ ਜਗਸੀਰ ਸਿੰਘ ਦੇ ਚਿਹਰੇ 'ਤੇ ਵੱਖਰੀ ਹੀ ਖੁਸ਼ੀ ਹੈ, ਜਿਸ ਨੇ 19 ਸਾਲ ਤੱਕ ਦੀਵਾਲੀ ਨਹੀਂ ਮਨਾਈ ਅਤੇ ਇਸ ਵਾਰ ਦੀਵਾਲੀ ਮਨਾਉਣ ਬਾਰੇ ਕਿਹਾ ਹੈ।
ਜਗਸੀਰ ਸਿੰਘ ਨੇ ਫੋਨ ਤੇ ਗੱਲ ਕਰਦਿਆਂ ਕਿਹਾ ਕਿ ਭਾਵੇਂ ਰਣਜੀਤ ਸਿੰਘ ਕਤਲ ਕਾਂਡ ਨੂੰ 19 ਸਾਲ ਹੋ ਚੁੱਕੇ ਹਨ ਪਰੰਤੂ ਅੱਜ ਵੀ ਇਸਦੇ ਜ਼ਖ਼ਮ ਅੱਲ੍ਹੇ ਹਨ, ਅਤੇ ਪਰਿਵਾਰਕ ਮੈਂਬਰ ਇਸ ਨੂੰ ਕਦੇ ਵੀ ਭੁਲਾ ਨਹੀਂ ਸਕਦੇ। ਕਤਲ ਕਾਂਡ ਵਿੱਚ ਭਾਵੇਂ ਡੇਰਾ ਸਿਰਸਾ ਮੁਖੀ ਨੂੰ ਇਸ ਕਤਲ ਲਈ ਅਦਾਲਤ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ, ਪਰ ਪਰਿਵਾਰਕ ਮੈਂਬਰਾਂ ਵਿੱਚ ਪਟਾਕਿਆਂ ਦੀ ਗੂੰਜ ਅੱਜ ਵੀ ਡਰ ਦਾ ਮਾਹੌਲ ਪੈਦਾ ਕਰਦੀ ਹੈ। ਹਾਲਾਂਕਿ ਡੇਰਾ ਮੁਖੀ ਨੂੰ ਸਜ਼ਾ ਦੇ ਫੈਸਲੇ ਨਾਲ ਪਰਿਵਾਰਕ ਮੈਂਬਰਾਂ ਖ਼ਾਸ ਕਰਕੇ ਰਣਜੀਤ ਸਿੰਘ ਦੇ ਮੁੰਡੇ ਜਗਸੀਰ ਸਿੰਘ ਦੇ ਚਿਹਰੇ 'ਤੇ ਵੱਖਰੀ ਹੀ ਖੁਸ਼ੀ ਹੈ, ਜਿਸ ਨੇ 19 ਸਾਲ ਤੱਕ ਦੀਵਾਲੀ ਨਹੀਂ ਮਨਾਈ ਅਤੇ ਇਸ ਵਾਰ ਦੀਵਾਲੀ ਮਨਾਉਣ ਬਾਰੇ ਕਿਹਾ ਹੈ।
ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਦੇ ਮੁੰਡੇ ਵੱਲੋਂ ਲੰਮੀ ਅਦਾਲਤੀ ਲੜਾਈ ਮਗਰੋਂ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਮਿਲੀ ਹੈ। ਅਦਾਲਤ ਨੇ ਡੇਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਰਣਜੀਤ ਸਿੰਘ ਦੇ ਕਤਲ ਦੇ ਦੋਸ਼ ਹੇਠ ਗੁਰਮੀਤ ਰਾਮ ਰਹੀਮ ਸਿੰਘ ਸਮੇਤ 5 ਜਣਿਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।
ਜਗਸੀਰ ਸਿੰਘ ਨੇ ਕਿਹਾ ਕਿ ਜਦੋਂ ਉਸ ਦੇ ਪਿਤਾ ਦਾ ਕਤਲ ਹੋਇਆ ਤਾਂ ਉਹ 7 ਸਾਲ ਦਾ ਸੀ। ਉਸ ਨੂੰ ਅੱਜ ਵੀ ਉਹ ਭਿਆਨਕ ਮੰਜਰ ਯਾਦ ਹੈ ਜਦੋਂ ਉਸਦੇ ਪਿਤਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਪਰੰਤੂ ਉਸ ਨੇ ਆਪਣੇ ਪਿਤਾ ਦੇ ਕਾਤਲ ਨੂੰ ਸਜ਼ਾ ਦਿਵਾਉਣ ਲਈ ਹੌਸਲਾ ਨਹੀਂ ਹਾਰਿਆ। ਉਸ ਨੇ ਕਿਹਾ ਕਿ ਕਈ ਵਾਰੀ ਡਰ ਵੀ ਲੱਗਿਆ ਕਿ ਵੱਡੇ ਬੰਦੇ ਨਾਲ ਪਾਲਾ ਪਿਆ ਹੈ, ਕੀ ਪਤਾ ਸਜ਼ਾ ਮਿਲੇਗੀ ਜਾਂ ਮਾਮਲਾ ਰਫਾ ਦਫਾ ਹੋ ਜਾਵੇਗਾ। ਪਰੰਤੂ ਉਸਨੂੰ ਅਦਾਲਤ ਉਪਰ ਪੂਰਾ ਭਰੋਸਾ ਸੀ।
ਡੇਰਾ ਮੁਖੀ ਨੂੰ ਸਜ਼ਾ ਨਾਲ ਖੁਸ਼ੀ ਵਿੱਚ ਭਾਵੁਕ ਹੋਏ ਜਗਸੀਰ ਸਿੰਘ ਨੇ ਕਿਹਾ ਕਿ ਜੇ ਅੱਜ ਉਸ ਦੇ ਦਾਦਾ ਜੀ ਸ੍ਰੀ ਜੋਗਿੰਦਰ ਸਿੰਘ ਅੱਜ ਜਿਉਂਦੇ ਹੁੰਦੇ ਤਾਂ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਕਾਤਲ ਨੂੰ ਸਜ਼ਾ ਹੁੰਦੀ ਵੇਖ ਕੇ ਬਹੁਤ ਖੁਸ਼ ਹੁੰਦੀ। ਜਗਸੀਰ ਸਿੰਘ ਦੱਸਿਆ ਕਿ ਉਸਦੇ ਦਾਦਾ ਜੀ ਦੀ ਮੌਤ 2016 ਵਿੱਚ ਹੋ ਗਈ ਸੀ।