ਵਾਲਮੀਕੀ ਤੀਰਥ ਸਥਲ ਡਿਵੈਲਪਮੈਂਟ ਬੋਰਡ ( ਸ੍ਰੀ ਰਾਮਤੀਰਥ ) ਨੂੰ ਯੂਨੀਵਰਸਿਟੀ ਸਥਾਪਿਤ ਕਰਨ ਲਈ ਜ਼ਮੀਨ ਅਲਾਟ ਕਰਨ ਦੀ ਮੰਗ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ 19 ਅਕਤੂਬਰ 2021- ਨੌਜਵਾਨ ਸਮਾਜ ਸੇਵੀ ਸੁਖਦੇਵ ਸਿੰਘ ਵਾਲੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਇਹ ਪੁਰਜ਼ੋਰ ਮੰਗ ਕੀਤੀ ਹੈ ਕਿ ਵਾਲਮੀਕੀ ਤੀਰਥ ਸਥਲ ਡਿਵੈਲਪਮੈਂਟ ਬੋਰਡ ( ਸ੍ਰੀ ਰਾਮ ਤੀਰਥ ) ਨੂੰ ਅੰਤਰਰਾਸ਼ਟਰੀ ਪੱਧਰ ਦੀ ਯੂਨੀਵਰਸਿਟੀ ਸਥਾਪਤ ਕਰਨ ਲਈ ਜ਼ਮੀਨ ਅਲਾਟ ਕਰਕੇ ਯੂਨੀਵਰਸਿਟੀ ਸਥਾਪਤ ਕੀਤੀ ਜਾਵੇ ਅਤੇ 10 ਸਾਲ ਲਈ ਸਮੁੱਚੇ ਕੰਮਕਾਜ ਦੀ ਜ਼ਿੰਮੇਵਾਰੀ ਸਰਕਾਰ ਖੁਦ ਚੁੱਕੇ । ਵਾਲੀਆ ਨੇ ਦੱਸਿਆ ਕਿ ਸੀਐਮ ਪੰਜਾਬ ਦਾ ਇਹ ਕਹਿਣਾ ਕਿ ਅੱਜ ਦੇ ਸਮੇਂ ਵਿੱਚ ਸਿੱਖਿਆ ਦੇ ਬਿਨਾਂ ਕਿਸੇ ਵੀ ਖੇਤਰ ਵਿੱਚ ਅੱਗੇ ਨਹੀਂ ਵਧਿਆ ਜਾ ਸਕਦਾ।
ਅਨਪੜ੍ਹਤਾ ਅਤੇ ਗ਼ਰੀਬੀ ਨੂੰ ਦੂਰ ਕਰਨ ਲਈ ਸਮਾਜ ਦਾ ਸਿੱਖਿਅਤ ਹੋਣਾ ਬੇਹੱਦ ਜ਼ਰੂਰੀ ਹੈ ।ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਵਾਲੀਆ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਇਤਿਹਾਸਕ ਸਥਾਨ ਹੈ ਜਿੱਥੇ ਸ੍ਰੀ ਭਗਵਾਨ ਵਾਲਮੀਕਿ ਜੀ ਦਾ ਆਸ਼ਰਮ ਸੀ ਜੋ ਕਿ ਅੱਜ ਸ੍ਰੀ ਰਾਮ ਤੀਰਥ ਮੰਦਿਰ ਦੇ ਰੂਪ ਵਿੱਚ ਸਥਾਪਤ ਹੋ ਚੁੱਕਿਆ ਹੈ। ਸ੍ਰੀ ਭਗਵਾਨ ਵਾਲਮੀਕੀ ਨੇ ਮਾਤਾ ਸੀਤਾ ਜੀ ਨੂੰ ਸਹਾਰਾ ਦਿੱਤਾ ਅਤੇ ਉਸ ਤੋਂ ਬਾਅਦ ਭਗਵਾਨ ਰਾਮ ਜੀ ਅਤੇ ਮਾਤਾ ਜੀ ਜੇ ਦੋਹਾਂ ਪੁੱਤਰਾਂ ਲਵ ਤੇ ਕੁਸ਼ ਨੂੰ ਆਸ਼ਰਮ ਵਿਖੇ ਸਿੱਖਿਆ ਪ੍ਰਦਾਨ ਕੀਤੀ ।ਇੱਥੇ ਹੀ ਭਗਵਾਨ ਵਾਲਮੀਕਿ ਜੀ ਨੇ ਸ੍ਰੀ ਰਮਾਇਣ ਦੀ ਰਚਨਾ ਕੀਤੀ ਸੀ । ਵਾਲੀਆ ਨੇ ਦੱਸਿਆ ਕਿ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਇਸੇ ਮਹੀਨੇ 20 ਅਕਤੂਬਰ ਨੂੰ ਹੈ । ਇਸੇ ਦਿਨ ਆਦਿ ਕਵੀ ਸ੍ਰੀ ਰਮਾਇਣ ਦੀ ਰਚਨਾ ਕਰਨ ਵਾਲੇ ਭਗਵਾਨ ਵਾਲਮੀਕਿ ਜੀ ਦੇ ਨਾਂ ਤੇ ਪੰਜਾਬ ਅੰਦਰ ਅੰਤਰਰਾਸ਼ਟਰੀ ਪੱਧਰ ਦੀ ਯੂਨੀਵਰਸਿਟੀ ਦਾ ਪੰਜਾਬ ਸਰਕਾਰ ਐਲਾਨ ਕਰੇ। ਨਿਸ਼ਚਿਤ ਤੌਰ ਤੇ ਨੌਜਵਾਨ ਪੀੜ੍ਹੀ ਭਗਵਾਨ ਵਾਲਮੀਕੀ ਜੀ ਦੇ ਜੀਵਨ ਅਤੇ ਸਿਖਿਆਵਾਂ ਅਤੇ ਵਿਸ਼ੇਸ਼ ਤੌਰ ਤੇ ਨਾਰੀ ਸਨਮਾਨ ਦੇ ਸੰਦੇਸ਼ ਤੋਂ ਜਾਣੂ ਹੋਵੇਗੀ । ਅੱਜ ਨੌਜਵਾਨ ਪੀੜ੍ਹੀ ਨੂੰ ਪੀਰਾਂ, ਫ਼ਕੀਰਾਂ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਹੈ ।ਉਨ੍ਹਾਂ ਇਹ ਵੀ ਮੁੱਦਾ ਉਠਾਇਆ ਕਿ ਵਾਲਮੀਕੀ ਸਮਾਜ ਨਾਲ ਸਬੰਧਤ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਾਤਾਵਰਣ ਅਧਿਐਨ ਦੇ ਖੇਤਰ ਚ ਵਜ਼ੀਫ਼ੇ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ ।