ਪੰਜਾਬੀ ਬੋਲੀ ਦੇ ਹੱਕ 'ਚ ਲਾਹੌਰ ਦੀਆਂ ਸੜਕਾਂ ਤੇ ਨਿੱਕਲੇ ਨਾਮੀ ਲਿਖਾਰੀ ਤੇ ਪੰਜਾਬੀ-ਪ੍ਰੇਮੀ
ਲਹਿੰਦੇ ਪੰਜਾਬ ਦੇ ਸਕੂਲਾਂ ’ਚ ਪੰਜਾਬੀ 'ਚ ਪੜ੍ਹਾਈ ਕਰਵਾਉਣ ਲਈ ਕੱਢੀ ਵਿਸ਼ਾਲ ਰੈਲੀ
ਬਾਬਰ ਜਲੰਧਰੀ
ਲਾਹੌਰ, 17 ਅਕਤੂਬਰ, 2021: ਪਾਕਿਸਤਾਨੀ ਪੰਜਾਬ ਦੇ ਨਾਮਵਰ ਲੇਖਕਾਂ , ਅਦੀਬਾਂ ਅਤੇ ਪੰਜਾਬੀ-ਪ੍ਰੇਮੀਆਂ ਨੇ 16 ਅਕਤੂਬਰ ਨੂੰ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਇੱਕ ਵੱਡਾ ਇਕੱਠ ਕੀਤਾ . ਪੰਜਾਬ ਸੂਬੇ ਵਿਚ ਪੰਜਾਬੀ ਨੂੰ ਸਕੂਲਾਂ ਵਿਚ ਲਾਗੂ ਕਰਵਾਉਣ ਦੇ ਹੱਕ ਵਿਚ ਵਿਸ਼ਾਲ ਰੈਲੀ ਕੀਤ ਗਈ ਅਤੇ ਪ੍ਰੈਸ ਕਲੱਬ ਲਾਹੌਰ ਤੋਂ ਪੰਜਾਬ ਅਸੰਬਲੀ ਤੱਕ ਮਾਰਚ ਕੀਤਾ ਗਿਆ ।
ਰੈਲੀ ਤੋਂ ਪਹਿਲਾਂ ਇਕ ਸੈਮੀਨਾਰ ਵੀ ਕੀਤਾ ਗਿਆ ਜਿਸ ਵਿਚ ਬੁਲਾਰਿਆਂ ਨੇ ਕਿਹਾ ਕਿ ਜਿਸ ਤਰੀਕੇ ਹੋਰਨਾਂ ਸੂਬਿਆਂ ਵਿਚ ਸਥਾਨਕ ਭਾਸ਼ਾਵਾਂ ਸਕੂਲਾਂ ਵਿਚ ਪੜ੍ਹਾਈਆਂ ਜਾਂਦੀਆਂ ਹਨ, ਇਸੇ ਤਰੀਕੇ ਨਾਲ ਲਹਿੰਦੇ ਪੰਜਾਬ ਵਿਚ ਪੰਜਾਬੀ ਨੂੰ ਸਕੂਲਾਂ ਵਿਚ ਲਾਗੂ ਕੀਤਾ ਜਾਵੇ। ਇਹਨਾਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਸੁਪਰੀਮ ਕੋਰਟ ਤੇ ਲਾਹੌਰ ਹਾਈ ਕੋਰਟ ਪਹਿਲਾਂ ਹੀ ਇਹ ਹੁਕਮ ਕਰ ਚੁੱਕੇ ਹਨ ਕਿ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਲਾਗੂ ਕੀਤੀ ਜਾਵੇ।
ਇਸ ਪੰਜਾਬੀ ਪੜ੍ਹਾਓ ਮੁਹਿੰਮ ਵਿਚ ਪੰਜਾਬ ਦੇ 36 ਜ਼ਿਲ੍ਹਿਆਂ ਤੋਂ ਆਏ ਪੰਜਾਬੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਪੰਜਾਬੀ ਬੋਲੀ ਅਤੇ ਸਾਹਿਤ ਦੇ ਬਾਬਾ ਬੋਹੜ ਬਾਬਾ ਨਜ਼ਮੀ ਤੋਂ ਇਲਾਵਾ ਪੰਜਾਬੀ ਪ੍ਰਚਾਰ ਦੇ ਕਨਵੀਨਰ ਅਹਿਮਦ ਰਜ਼ਾ, ਤਾਰਿਕ ਜਟਾਲਾ, ਅਫਜ਼ਰ ਸ਼ਾਹਿਰ, ਦੀਪ ਸ਼ਈਦਾ, ਪ੍ਰੋਫੈਸਰ ਇਕਬਾਲ, ਇਕਬਾਲ ਕੈਸਰ, ਅਹਿਮਦ ਬਜ਼ਮੀ, ਜਫਰ ਇਕਬਾਲ ਭੱਟ, ਬੱਬਰ ਜਲੰਧਰੀ ਅਤੇ ਅੰਜਮ ਗਿੱਲ ਵੀ ਹਾਜ਼ਰ ਸਨ।