ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਧੀ ਨੂੰ ਵਿਆਹ ਕੇ ਤੀਜੇ ਦਿਨ ਲਿਆ ਫਾਹਾ
ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 16 ਅਕਤੂਬਰ, 2021: ਭਵਾਨੀਗੜ੍ਹ ਦੇ ਨੇੜਲੇ ਪਿੰਡ ਨਾਗਰਾ ਦੇ ਕਿਸਾਨ ਭਗਵੰਤ ਸਿੰਘ (40) ਪੁੱਤਰ ਜੋਗਿੰਦਰ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਪਰਮਜੀਤ ਕੌਰ ਸਰਪੰਚ ਨਾਗਰਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਕਿਸਾਨ ਭਗਵੰਤ ਸਿੰਘ ਬੇਜ਼ਮੀਨਾਂ ਕਿਸਾਨ ਸੀ ਅਤੇ ਉਸ ਉੱਤੇ 5 ਲੱਖ ਰੁਪਏ ਦਾ ਕਰਜ਼ਾ ਸੀ। ਉਸ ਦੀ ਪਤਨੀ ਦੀ ਕੁੱਝ ਸਮਾਂ ਪਹਿਲਾਂ ਹਾਦਸੇ ਵਿੱਚ ਮੌਤ ਹੋ ਗਈ ਸੀ।
ਕਿਸਾਨ ਆਗੂਆਂ ਨੇ ਦੱਸਿਆ ਕਿ ਭਗਵੰਤ ਸਿੰਘ ਨੇ ਹਾਲੇ ਦੋ ਦਿਨ ਪਹਿਲਾਂ ਬੀਤੀ 13 ਅਕਤੂਬਰ ਨੂੰ ਆਪਣੀ ਧੀ ਦਾ ਵਿਆਹ ਕੀਤਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਭਗਵੰਤ ਸਿੰਘ ਦੇ ਸਿਰ ਕਰੀਬ 5 ਲੱਖ ਰੁਪਏ ਦਾ ਕਰਜਾ ਸੀ, ਜਿਸ ਕਰਕੇ ਉਹ ਅਕਸਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਹ ਕਿਸਾਨ ਸੰਘਰਸ਼ ਵਿੱਚ ਵੀ ਹਿੱਸਾ ਲੈਂਦਾ ਸੀ।
ਉਨ੍ਹਾਂ ਸਰਕਾਰ ਤੋਂ ਪੀੜਤ ਪਰਿਵਾਰ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ। ਪੁਲੀਸ ਚੌਕੀ ਘਰਾਚੋਂ ਦੇ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਸਬੰਧੀ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਉਣ ਉਪਰੰਤ ਪਿੰਡ ਵਿੱਚ ਸੰਸਕਾਰ ਕਰ ਦਿੱਤਾ ਗਿਆ ਹੈ।