ਮੋਦੀ ਦੇ ਸਿਰ ਚੜ੍ਹ ਬੋਲਿਆ ਡਾਗੀਆਂ ਦੇ ਕਿਸਾਨਾਂ ਨੌਜਵਾਨਾਂ ਤੇ ਪਿੰਡ ਵਾਸੀਆਂ ਦਾ ਜੋਸ਼ ਤਿੰਨ ਕਾਲੇ ਕਾਨੂੰਨਾਂ ਖਿਲਾਫ
ਜਗਰਾਉਂ 16 ਅਕਤੂਬਰ 2021 - ਸੰਯੁਕਤ ਕਿਸਾਨ ਮੋਰਚੇ ਦੇ ਅੈਲਾਨ ਕਰਨ ਤੇ ਪੂਰੇ ਦੇਸ਼ ਵਿੱਚ ਹਰ ਪਿੰਡ ਵਿੱਚ ਮੋਦੀ, ਅਮਿਤ ਸ਼ਾਹ ਤੇ ਜੋਗੀ ਅਤੇ ਕਿਸਾਨੀ ਦੇ ਖਿਲਾਫ ਭਾਜਪਾ ਆਗੂਆਂ ਦੇ ਪੁਤਲੇ ਫੂਕੇ ਗਏ। ਪਿੰਡ ਡਾਗੀਆਂ ਜਗਰਾਉ ਵਿਖੇ ਗ੍ਰਾਮ ਪੰਚਾਇਤ, ਨੌਜਵਾਨ ਵੈਲਫੇਅਰ ਸਭਾ , ਨੌਜਵਾਨਾਂ ਤੇ ਪਿੰਡ ਵਾਸੀਆਂ ਅਤੇ ਵੱਡੀ ਗਿਣਤੀ ਵਿਚ ਅੌਰਤਾ ਨੇ ਅੱਜ ਦੇ ਮੋਦੀ ਤੇ ਭਾਜਪਾ ਆਗੂਆਂ ਦੇ ਪੁਤਲੇ ਫੂਕੇ ਜਾਣ ਦੇ ਪ੍ਰੋਗਰਾਮ ਵਿੱਚ ਪੂਰੇ ਜੋਸ਼ ਨਾਲ ਹਿੱਸਾ ਲਿਆ। ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਝਾਕੀਆਂ ਕੱਢ ਕੇ ਪੂਰੇ ਪਿੰਡ ਦਾ ਚੱਕਰ ਲਗਾਉਂਦੇ ਹੋਏ ਸਕੂਲ ਦੀ ਗਰਾਊਂਡ ਵਿੱਚ ਪਹੁੰਚੇ। ਸਭ ਤੋਂ ਮੂਹਰੇ ਬੱਚੇ ਮੋਦੀ ਖਿਲਾਫ ਬੈਨਰ ਤੇ ਝੰਡੇ ਫੜ ਕੇ ਨਾਅਰੇਬਾਜ਼ੀ ਕਰ ਰਹੇ ਸਨ। ਕਿਸਾਨਾਂ ਨੇ ਆਪਣੇ ਆਪ ਨੂੰ ਸੰਗਲਾ ਵਿੱਚ ਜਕੜ ਕੇ ਝਾਕੀ ਕੱਢੀ।
ਮੋਦੀ ਸਰਕਾਰ ਨੂੰ ਸੰਦੇਸ਼ ਦਿੱਤਾ ਕਿ ਕਿਸਾਨਾਂ ਤੇ ਤਿੰਨ ਕਾਲੇ ਕਾਨੂੰਨ ਥੋਪ ਕੇ ਕਿਸਾਨਾਂ ਨੂੰ ਜਕੜਿਆ ਨਹੀਂ ਜਾ ਸਕਦਾ। ਕਿਸਾਨ ਤਿੰਨ ਕਾਲੇ ਕਾਨੂੰਨਾਂ ਦੀ ਗੁਲਾਮੀ ਦੇ ਸੰਗਲ ਤੋੜ ਦੇਣਗੇ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਝਾਕੀ ਵੀ ਕੱਢੀ ਗਈ। ਇਸ ਝਾਕੀ ਦੇ ਨੌਜਵਾਨਾਂ ਨੇ ਕਿਹਾ ਕਿ ਨੌਜਵਾਨ ਜਾਗ ਚੁੱਕੇ ਹਨ। ਨੌਜਵਾਨਾ ਨੇ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹਾਦਤਾ ਦਿੱਤੀਆਂ ਸਨ। ਉਨ੍ਹਾਂ ਦਾ ਜੋਸ਼ ਉਨੀ ਦੇਰ ਠੰਡਾ ਨਹੀਂ ਹੋਵੇਗਾ ਜਿੰਨੀ ਦੇਰ ਮੋਦੀ ਸਰਕਾਰ ਤਿੰਨੇ ਕਾਲੇ ਕਨੂੰਨ ਵਾਪਿਸ ਨਹੀਂ ਲੈ ਲੈਂਦੀ । ਜੇਕਰ ਉਨ੍ਹਾਂ ਨੂੰ ਸ਼ਹਾਦਤਾ ਵਾਲਾ ਜਾਮ ਪੀਣਾ ਪਿਆ। ਉਹ ਆਪਣੀਆਂ ਜ਼ਮੀਨਾਂ ਦੀ ਅਜਾਦੀ ਲਈ ਖੁਸ਼ੀ ਖੁਸ਼ੀ ਸ਼ਹਾਦਤ ਵਾਲਾ ਜਾਮ ਪੀਣ ਤੋਂ ਰਤਾ ਵੀ ਪਿੱਛੇ ਨਹੀਂ ਹਟਣਗੇ। ਬਜੁਰਗ ਮਾਵਾਂ ਨੇ ਜੋਰਦਾਰ ਨਾਅਰੇਬਾਜ਼ੀ ਕਰਕੇ ਮੋਦੀ ਸਰਕਾਰ ਨੂੰ ਲਲਕਾਰਿਆ।
ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਪੰਚ ਦਰਸ਼ਨ ਸਿੰਘ ਨੇ ਕਿਹਾ ਕਿ ਅੱਜ ਦਾ ਇਕੱਠ ਤੇ ਜੋਸ਼ ਲੋਕ ਏਕਤਾ ਦੀ ਹਾਮੀ ਭਰਦਾ ਹੋਇਆ ਦੱਸ ਰਿਹਾ ਹੈ ਕਿ ਜੇਕਰ ਸਰਕਾਰ ਨੇ ਕਾਲੇ ਤਿੰਨੇ ਕਾਨੂੰਨ ਵਾਪਿਸ ਨਾ ਲਏ ਤਾਂ ਲੋਕ ਏਕਤਾ ਨਾਲ ਸਮਾਂ ਆਉਣ ਤੇ ਕਾਨੂੰਨ ਥੋਪਣ ਵਾਲਿਆ ਨੂੰ ਹੀ ਚਲਦਾ ਕਰ ਦੇਣਗੇ। ਸਾਬਕਾ ਸਰਪੰਚ ਜਗਦੀਸ਼ਰ ਸਿੰਘ ਨੇ ਬੋਲਦਿਆਂ ਕਿਹਾ ਕਿ ਜਿੰਨਾ ਚਿਰ ਕਾਲੇ ਕਨੂੰਨ ਵਾਪਿਸ ਨਹੀਂ ਲਏ ਜਾਂਦੇ ਉਨਾਂ ਚਿਰ ਕਿਸਾਨ ਵਾਡਰਾ ਤੋਂ ਵਾਪਿਸ ਨਹੀਂ ਆਉਣਗੇ। ਸਾਬਕ ਮੈਂਬਰ ਗੁਰਦਿਆਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਵਹਿਮ ਹੈ ਕਿ ਮੋਰਚਾ ਸਫਲ ਨਹੀਂ ਹੋਣ ਦੇਣਾ। ਇਹ ਸੰਘਰਸ਼ ਅੱਜ ਦਾ ਇਕੱਠ ਦੱਸਦਾ ਬੱਚੇ ਤੋਂ ਲੈ ਕੇ ਬਜੁਰਗ ਦੇ ਦਿਲਾਂ ਵਿੱਚ ਘਰ ਕਰ ਗਿਆ ਹੈ। ਅਸੀਂ ਪਹਿਲਾਂ ਨਾਲੋਂ ਵੀ ਤਿਆਰ ਹੋ ਚੁੱਕੇ ਹਾਂ। ਜੰਗ ਸਾਡੀ ਜਾਰੀ ਹੈ ,ਅਸੀਂ ਜਿੱਤਾਗੇ ਜਰੂਰ ।
ਨੌਜਵਾਨ ਕਿਸਾਨ ਆਗੂ ਜਗਦੀਪ ਸਿੰਘ ਨੀਟਾ ਨੇ ਬੋਲਦੇ ਹੋਏ ਕਿਹਾ ਕਿ ਦੇਸ਼ ਵਾਸੀਆਂ ਤੋਂ ਵੱਡੀ ਭੁੱਲ ਹੋ ਗਈ। ਪਿੰਡਾਂ ਵਿੱਚ ਤਾਂ ਲੋਕ ਛੜੇ ਬੰਦੇ ਨੂੰ ਚੌਕੀਦਾਰ ਨਹੀਂ ਬਣਨ ਨਹੀਂ ਦਿੰਦੇ ਸਾਡੇ ਦੇਸ਼ ਦੇ ਲੋਕਾਂ ਨੇ ਛੜੇ ਬੰਦੇ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ। ਇਸ ਮੌਕੇ ਪਿੰਡ ਦੇ ਮੋਹਤਬਰ ਵਿਅਕਤੀ ਸਰਬਜੀਤ ਸਿੰਘ ਫੌਜੀ, ਗੁਰਪ੍ਰੀਤ ਸਿੰਘ ਗੁਰੀ, ਡਾ. ਜਗਪਾਲ ਸਿੰਘ, ਹਰਜੀਤ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ, ਭੋਲਾ ਸਿੰਘ ਫੋਜੀ, ਗੁਰਦੇਵ ਸਿੰਘ, ਭਗਤ ਸਿੰਘ, ਪਲਵਿੰਦਰ ਸਿੰਘ, ਬੰਤ ਸਿੰਘ, ਬਲਜੀਤ ਸਿੰਘ, ਭੋਲਾ ਸਿੰਘ ਖਾਲਸਾ, ਭੀਤਾ ਸਿੰਘ, ਮੀਤਾ ਸਿੰਘ, ਬਲਵੀਰ ਸਿੰਘ, ਤੇ ਪਿੰਡ ਵਾਸੀ ਬਹੁਤ ਵੱਡੀ ਗਿਣਤੀ ਵਿਚ ਹਾਜਰ ਸਨ।