ਖਜ਼ਾਨਾ ਵਿਭਾਗ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਮੰਗਾਂ ਲਈ ਦਿੱਤਾ ਮੰਗ ਪੱਤਰ
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ, 15 ਅਕਤੂਬਰ 2021- ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਸੂਬਾ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ, ਸੂਬਾ ਜਨਰਲ ਸਕੱਤਰ ਮਨਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਮੀਟਿੰਗ ਕਰਕੇ ਲਏ ਫੈਸਲੇ ਅਨੁਸਾਰ ਸਮੂਹ ਸਟਾਫ ਖਜ਼ਾਨਾ ਦਫਤਰ ਬਰਨਾਲਾ ਵੱਲੋਂ ਜ਼ਿਲ੍ਹਾ ਖਜ਼ਾਨਾ ਅਫਸਰ ਸ੍ਰੀ ਜਗਤਾਰ ਸਿੰਘ ਰਾਹੀਂ ਮੰਗ ਪੱਤਰ ਸਰਕਾਰ ਨੂੰ ਭੇਜਣ ਹਿੱਤ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ/ ਜਨਰਲ ਸਕੱਤਰ ਨੇ ਪ੍ਰੈੱਸ ਨੂੰ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਖਜ਼ਾਨਾ ਵਿਭਾਗ ਦੀਆਂ ਕਾਫੀ ਲੰਮੇ ਸਮੇ ਤੋਂ ਲਟਕਦੀਆਂ ਵਿਭਾਗੀ ਮੰਗਾਂ, ਜਿਸ ਵਿਚ ਖਜ਼ਾਨਾ ਅਫਸਰ, ਸੁਪਰਡੰਟ, ਜ਼ਿਲ੍ਹਾ ਖਜ਼ਾਨਚੀ, ਸਹਾਇਕ ਖਜ਼ਾਨਚੀ, ਕਲਰਕ, ਜਿਲਦਸਾਜ ਆਦਿ ਦੀਆਂ ਪਦ ਉੱਨਤੀਆਂ ,ਕਲਰਕਾਂ ਵਿਚੋਂ 50 ਪ੍ਤੀਸ਼ਤ ਜੂਨੀਅਰ ਸਹਾਇਕ ਬਨਾਉਣਾ, 4,9,14 ਸਾਲਾ ਏ ਸੀ ਪੀ ਕੇਸਾਂ ਦਾ ਲਾਭ ਦੇਣਾ, ਸੀਨੀਅਰ ਜੂਨੀਅਰ ਦੇ ਕੇਸਾਂ ਦਾ ਨਿਪਟਾਰਾ ਨਾ ਕਰਨਾ, ਮਹੀਨਾ ਅਪ੍ਰੈਲ 2020 ਦੌਰਾਨ ਨਵੇ ਚੱਲੇ ਆਈ.ਐਫ.ਐਮ.ਐੱਸ. ਦੀਆਂ ਖਾਮੀਆਂ ਕਰਕੇ ਕੁੱਝ ਜ਼ਿਲਿਆਂ ਵਿੱਚ ਡੀ.ਡੀ.ਓਜ. ਵੱਲੋ ਡਰਾਆ ਕੀਤੀਆਂ ਡਬਲ ਤਨਖਾਹਾਂ ਦੀ ਪੜਤਾਲੀਆ ਅਫਸਰ ਵੱਲੋਂ ਦਿੱਤੀ ਰਿਪੋਰਟ ਨੂੰ ਖਜ਼ਾਨਾ ਕਰਮਚਾਰੀਆਂ ਦੇ ਹੱਕ ਵਿੱਚ ਡੀਲ ਕਰਕੇ ਕਰਮਚਾਰੀਆਂ ਦੀਆਂ ਬਣਦੀਆਂ ਤਰੱਕੀਆਂ ਪਹਿਲ ਦੇ ਆਧਾਰ ਤੇ ਕੀਤੀਆਂ ਜਾਣ।
ਵੱਡੀ ਮਾਤਰਾ ਵਿੱਚ ਕਲਰਕ ਸਹਾਇਕ ਖਜਾਨਚੀ ਦੀਆਂ ਖਾਲੀ ਅਸਾਮੀਆਂ ਭਰਨ ਸਬੰਧੀ ਐਸ ਐਸ ਬੋਰਡ ਨੂੰ ਮੰਗ ਪੱਤਰ ਭੇਜ ਕੇ ਭਰਤੀ ਕਰਵਾਉਣਾ, ਖਾਲੀ ਅਸਾਮੀਆਂ ਤੇ ਸੇਵਾਦਾਰਾਂ ਦੀ ਭਰਤੀ ਵਿਭਾਗੀ ਪੱਧਰ ਤੇ ਕਰਨਾ, ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੇ ਕੇਸਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਨਾ, ਖਜਾਨਾ ਅਫਸਰ ਦੀ ਤਰੱਕੀ ਲਈ ਕੋਟਾ 50% ਤੋਂ ਵਧਾ ਕੇ 75% ਪ੍ਰਤੀਸ਼ਤ ਕਰਨਾ, ਜਿਲਾ ਖਜਾਨਾ ਅਫਸਰ, ਖਜ਼ਾਨਾ ਅਫਸਰ, ਜਿਲਦਸਾਜ ਨੂੰ ਕੰਨਵੇਐੰਸ ਅਲਾਉਂਸ ਨਾ ਦੇਣਾ, ਸੁਪਰਡੈਂਟ ਅਤੇ ਜ਼ਿਲ੍ਹਾ ਖਜ਼ਾਨਚੀ ਦੀ ਅਸਾਮੀ ਤੇ ਪਦ ਉੱਨਤੀ ਰਾਹੀਂ ਭਰੀਆਂ ਅਸਾਮੀਆਂ ਤੇ 50 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਲਈ ਵਿਭਾਗੀ ਪ੍ਰੀਖਿਆ ਦੀ ਸ਼ਰਤ ਖਤਮ ਕਰਨਾ, ਅਤੇ ਨਵੇਂ ਬਣੇ ਜਿਲਿਆਂ ਵਿੱਚ ਅਸਾਮੀਆਂ ਦੀ ਰਚਨਾ ਜਿਲਾ ਪੱਧਰ ਦੇ ਹਿਸਾਬ ਨਾਲ ਕਰਨਾ ਆਦਿ ਭੱਖਦੀਆਂ ਮੰਗਾਂ ਦੀ ਕਾਫੀ ਲੰਮੇ ਸਮੇ ਤੋਂ ਕਿਸੇ ਵੀ ਮੰਗ ਦੀ ਸਮੇ ਸਿਰ ਪੂਰਤੀ ਨਾ ਹੋਣ ਕਾਰਨ ਖਜਾਨਾ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਬਹੁਤ ਵਾਰ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਅਹਿਮ ਅਤੇ ਅਤਿ ਜਰੂਰੀ ਮੰਗਾਂ ਸਬੰਧੀ ਨਿਪਟਾਰਾ ਕਰਨ ਲਈ ਮੀਟਿੰਗ ਲਈ ਸਮੇ ਦੀ ਮੰਗ ਕੀਤੀ ਗਈ ਪ੍ਰੰਤੂ ਪਿਛਲੇ ਕਾਫੀ ਲੰਮੇ ਸਮੇ ਤੋਂ ਐਸੋਸੀਏਸ਼ਨ ਨੂੰ ਸਰਕਾਰ ਵੱਲੋਂ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਅਤੇ ਮੰਗਾਂ ਹੋਰ ਲਮਕਦੀਆਂ ਜਾ ਰਹੀਆਂ ਹਨ ਜਿਸ ਦੇ ਰੋਸ ਵਜੋਂ ਪੰਜਾਬ ਦੇ ਖਜਾਨਿਆਂ ਵਿੱਚ ਕੰਮ ਕਰਦੇ ਕਰਮਚਾਰੀ ਐਸੋਸੀਏਸ਼ਨ ਪਾਸੋਂ ਸੰਘਰਸ਼ ਦੀ ਮੰਗ ਕਰ ਰਹੇ ਹਨ ਜਦ ਕਿ ਇਹ ਕਰਮਚਾਰੀ ਖਜਾਨਾ ਵਿਭਾਗ ਦੇ ਅਦਾਇਗੀਆਂ ਤੋਂ ਲੈ ਕੇ ਲੇਖਾ ਬਨਾਉਣ ਤੱਕ ਹਰ ਮਿਤੀ ਬੱਧ ਕੰਮ ਨੂੰ ਸਟਾਫ ਦੀ ਘਾਟ ਅਤੇ ਕੰਮ ਦਾ ਬੋਝ ਜਿਆਦਾ ਹੋਣ ਕਾਰਨ ਦਫਤਰ ਵਿੱਚ ਦੇਰ ਰਾਤ ਅਤੇ ਛੁੱਟੀਆਂ ਵਿਚ ਆਣ ਕੇ ਪਹਿਲ ਦੇ ਅਧਾਰ ਤੇ ਆਪਣੀਆਂ ਡਿਊਟੀਆਂ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਹਨ।
ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਖਜ਼ਾਨਾ ਕਰਮਚਾਰੀਆਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਦੀ ਪੂਰਤੀ ਲਈ ਜਲਦੀ ਹੀ ਸੂਬਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਨੂੰ ਅੱਗੇ ਵਧਾਉਣਾ ਐਸੋਸੀਏਸ਼ਨ ਦੀ ਮਜ਼ਬੂਰੀ ਹੋਵੇਗੀ ਪੰਜਾਬ ਸਰਕਾਰ ਪਾਸੋਂ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਉਪਰੋਕਤ ਦਰਸਾਈਆਂ ਮੰਗਾਂ ਲਈ ਭੇਜੇ ਗਏ ਮੰਗ ਪੱਤਰਾਂ ਤੇ ਜਲਦੀ ਹੀ ਖਜਾਨਾ ਸੰਸਥਾ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ ਲਈ ਜਥੇਬੰਦੀ ਨੂੰ ਮੀਟਿੰਗ ਲਈ ਸਮਾਂ ਦਿੱਤਾ ਜਾਵੇ ਅਤੇ ਮੰਗਾਂ ਅਤੇ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕੀਤਾ ਜਾਵੇ ਤਾਂ ਜੋ ਖਜਾਨਾ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਸਮੇ ਸਿਰ ਆਪਣਾ ਹੱਕ ਮਿਲ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਔਲਖ/ਜਨਰਲ ਸਕੱਤਰ ਰਜਨੀਸ਼ ਕੁਮਾਰ ਬਰਨਾਲਾ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਪ੍ਰੈੱਸ ਸਕੱਤਰ ਅਮਰੀਕ ਸਿੰਘ, ਖਜਾਨਚੀ ਇਕਬਾਲ ਸਿੰਘ, ਅਤੇ ਮੀਤ ਪ੍ਰਧਾਨ ਵੀਰਵਿੰਦਰ ਕੌਰ ਸ਼ਾਮਲ ਹੋਏ।