ਕੈਨੇਡਾ ਦੇ ਅਲਬਰਟਾ ਸੂਬੇ ‘ਚ ਕੋਵਿਡ ਦਾ ਮੁੜ ਕਹਿਰ-ਹਸਪਤਾਲਾਂ ‘ਚ ਆਈਸੀਯੂ ਬੈਂਡ ਖਤਮ ਹੋਏ
ਕਮਲਜੀਤ ਬੁੱਟਰ, ਬਾਬੂਸ਼ਾਹੀ ਨੈਟਵਰਕ
ਕੈਲਗਰੀ, 24 ਸਤੰਬਰ 2021 : ਐਲਬਰਟਾ ਦੇ ਹੈਲਥ ਕੇਅਰ ਸੈਕਟਰ ਵਿੱਚ ਨਿਘਾਰ ਲਗਾਤਾਰ ਜਾਰੀ ਹੈ ਤੇ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਸੂਬੇ ਦੇ ਇਤਿਹਾਸ ਵਿੱਚ ਪਹਿਲਾਂ ਕਦੀ ਵੀ ਇੰਨੀ ਵੱਡੀ ਗਿਣਤੀ ਵਿੱਚ ਮਰੀਜ਼ ਹਸਪਤਾਲਾਂ ਵਿੱਚ ਅਤੇ ਇੰਟੈਂਸਿਵ ਕੇਅਰ ਯੁਨਿਟਸ ਵਿੱਚ ਦਾਖ਼ਲ ਨਹੀਂ ਹੋਏ ਸਨ, ਜਿੰਨੇ ਇਸ ਸਮੇਂ ਦੇਖੇ ਜਾ ਰਹੇ ਹਨ। ਐਲਬਰਟਾ ਹੈਲਥ ਸਰਵਿਸਿਜ਼ ਦੀ ਮੁਖੀ ਡਾ. ਵਰਨਾ ਇਯੂ ਨੇ ਬੀਤੀ ਬਾਦ ਦੁਪਹਿਰ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਲਗਾਤਾਰ ਹਰ ਰੋਜ਼ 23 ਮਰੀਜ਼ਾਂ ਨੂੰ ਆਈਸੀਯੂ’ਜ਼ ਵਿੱਚ ਲੈਣਾ ਪੈ ਰਿਹਾ ਹੈ। ਇਸ ਸਮੇਂ 310 ਮਰੀਜ਼ ਆਈਸੀਯੂ’ਜ਼ ਵਿੱਚ ਭਰਤੀ ਹਨ ਜਿਹਨਾਂ ਵਿੱਚੋਂ 226 ਕੋਵਿਡ-19 ਮਰੀਜ਼ ਹਨ। ਡਾ. ਵਰਨਾ ਇਯੂ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਆਈਸੀਯੂ ਵਿੱਚ ਮਰੀਜ਼ਾਂ ਦੇ ਮਰਦੇ ਰਹਿਣ ਕਾਰਨ ਥਾਂ ਖਾਲੀ ਹੋ ਰਹੀ ਹੈ। ਡਾ. ਵਰਨਾ ਇਯੂ ਨੇ ਦੱਸਿਆ ਕਿ ਹਸਪਤਾਲਾਂ ਵਿੱਚ ਆ ਰਹੇ ਬਹੁਤ ਕੋਵਿਡ ਮਰੀਜ਼ ਵੈਕਸਿਨ ਤੋਂ ਬਿਨਾਂ ਆ ਰਹੇ ਹਨ ਤੇ ਘੰਟੇ 24 ਘੰਟਿਆਂ ਵਿੱਚ ਆਈਸੀਯੂ ਵਿੱਚ ਦਾਖ਼ਲ ਹੋਏ ਕਿਸੇ ਵੀ ਮਰੀਜ਼ ਨੂੰ ਵੈਕਸਿਨ ਨਹੀਂ ਲੱਗੀ ਹੋਈ ਸੀ। ਬੀਤੇ 24 ਘੰਟਿਆਂ ਵਿੱਚ 17 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ਤੇ ਮਰਨ ਵਾਲੇ ਵਿਅਕਤੀਆਂ ਦੀ ਕੁਲ ਗਿਣਤੀ 2611 ਟੱਪ ਗਈ ਹੈ। ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਦੀ ਸੰਖਿਆ ਵਧ ਕੇ 1058 ਹੋ ਗਈ ਹੈ। ਬੀਤੇ 24 ਘੰਟਿਆਂ ਵਿੱਚ 1660 ਨਵੇਂ ਐਕਟਿਵ ਕੇਸ ਆਏ ਰਿਪੋਰਟ ਹੋਏ ਹਨ ਤੇ ਕੁਲ ਕੇਸਾਂ ਦੀ ਸੰਖਿਆ ਵਧ ਕੇ 20180 ਹੋ ਗਈ ਹੈ।
—ਦੂਜੇ ਸੂਬਿਆਂ ‘ਚ ਇਲਾਜ਼ ਲਈ ਭੇਜੇ ਜਾਣਗੇ ਮਰੀਜ਼
ਫੈਡਰਲ ਪਬਲਿਕ ਸੇਫ਼ਟੀ ਮਨਿਸਟਰ ਬਿਲ ਬਲੇਅਰ ਦਾ ਕਹਿਣਾ ਹੈ ਕਿ ਐਲਬਰਟਾ ਦੇ ਹਸਪਤਾਲਾਂ ਵਿੱਚੋਂ ਆਈਸੀਯੂ ਵਿੱਚ ਦਾਖ਼ਲ ਮਰੀਜ਼ਾਂ ਨੂੰ ਹਵਾਈ ਐਂਬੁਲੈਂਸਾਂ ਜ਼ਰੀਏ ਦੂਜੇ ਸੂਬਿਆਂ ਵਿੱਚ ਲੈ ਜਾਣ ਲਈ ਫੈਡਰਲ ਸਰਕਾਰ ਸਹਾਇਤਾ ਮੁਹਈਆ ਕਰਵਾਵੇਗੀ ਅਤੇ ਰੈਸਪਰੇਟੋਰੀ ਥੈਰੇਪਿਸਟਸ ਅਤੇ ਆਈਸੀਯੂ ਨਰਸਿਜ਼ ਵਾਸਤੇ ਵੀ ਮਦਦ ਦੇਵੇਗੀ। ਮੰਗਲਵਾਰ ਵਾਲੇ ਦਿਨ ਸੂਬੇ ਦੇ ਮਿਉਨਿਸਿਪਲ ਅਫੇਅਰਜ਼ ਮਨਿਸਟਰ ਰਿਕ ਮੈਕਾਇਵਰ ਨੇ ਇਸ ਸੰਬੰਧੀ ਇਕ ਚਿੱਠੀ ਫੈਡਰਲ ਸਰਕਾਰ ਨੂੰ ਲਿਖੀ ਸੀ। ਲੰਘੇ ਕੱਲ੍ਹ ਫੈਡਰਲ ਮਨਿਸਟਰ ਬਿਲ ਬਲੇਅਰ ਨੇ ਸੋਸ਼ਲ ਮੀਡੀਆ ਰਹੀਂ ਇਹ ਮਦਦ ਮੁਹਈਆ ਕਰਵਾਏ ਜਾਣ ਸੰਬੰਧੀ ਜਾਣਕਾਰੀ ਦਿੱਤੀ ਸੀ। ਕੈਨੇਡੀਅਨ ਆਰਮਡ ਫੋਰਸਿਜ਼ ਵੱਲੋਂ ਵੀ ਸਟੇਟਮੈਂਟ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਆੲਸੀਯੂ ਸਪੈਸ਼ਲਿਸਟ ਨਰਸਿਜ਼, ਏਅਰਕ੍ਰਾਫ਼ਟਸ ਅਤੇ ਕ੍ਰੂ ਰਵਾਨਾ ਕੀਤੇ ਜਾ ਰਹੇ ਹਨ ਤੇ ਇਸ ਨੂੰ ਔਪਰੇਸ਼ਨ ਲੇਜ਼ਰ ਤਹਿਤ ਕਵਰ ਕੀਤਾ ਜਾ ਰਿਹਾ ਹੈ। ਫਿਲਹਾਲ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਸਰਵਿਸ ਕਦੋਂ ਤੋਂ ਚਾਲੂ ਹੋਵੇਗੀ।