ਨਿਊਯਾਰਕ 'ਚ ਇਮਾਰਤ ਤੋਂ ਛਾਲ ਮਾਰਨ ਵਾਲਾ ਵਿਅਕਤੀ ਬਣਿਆ ਇੱਕ ਹੋਰ ਮੌਤ ਦਾ ਕਾਰਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 22 ਸਤੰਬਰ 2021 - ਨਿਊਯਾਰਕ ਦੇ ਯੌਂਕਰਸ ਵਿੱਚ ਇੱਕ ਵਿਅਕਤੀ ਨੇ ਆਪਣੀ ਜਾਨ ਤਾਂ ਲਈ ਹੀ ਹੈ, ਪਰ ਉਹ ਜਾਂਦਾ ਹੋਇਆ ਇੱਕ ਬਜੁਰਗ ਦੀ ਮੌਤ ਦਾ ਕਾਰਨ ਵੀ ਬਣਿਆ। ਹੋਇਆ ਇਸ ਤਰ੍ਹਾਂ ਕਿ ਯੌਂਕਰਸ ਵਿੱਚ ਇੱਕ 25 ਸਾਲਾਂ ਆਦਮੀ ਨੇ 12 ਮੰਜ਼ਲੀ ਇਮਾਰਤ ਦੀ ਛੱਤ ਤੋਂ ਛਾਲ ਮਾਰੀ, ਜਿਸ ਉਪਰੰਤ ਉਹ ਹੇਠਾਂ ਖੜ੍ਹੇ ਇੱਕ 61 ਸਾਲਾਂ ਬਜ਼ੁਰਗ ਉੱਪਰ ਡਿੱਗਿਆ। ਇਸ ਘਟਨਾ ਕਾਰਨ ਦੋਵਾਂ ਦੀ ਮੌਤ ਹੋ ਗਈ।
ਯੌਂਕਰਸ ਪੁਲਿਸ ਦੇ ਅਨੁਸਾਰ, ਇਸ 25 ਸਾਲਾਂ ਨੌਜਵਾਨ ਨੇ ਸੋਮਵਾਰ ਸ਼ਾਮ 6 ਵਜੇ ਤੋਂ ਪਹਿਲਾਂ ਕ੍ਰੋਮਵੈਲ ਟਾਵਰਸ ਅਪਾਰਟਮੈਂਟ ਕੰਪਲੈਕਸ ਦੀ ਛੱਤ ਤੋਂ ਛਾਲ ਮਾਰੀ। ਯੌਂਕਰਸ ਪੁਲਿਸ ਵਿਭਾਗ ਦੇ ਅਨੁਸਾਰ ਛਾਲ ਮਾਰਨ ਵਾਲਾ ਵਿਅਕਤੀ ਦਿਮਾਗੀ ਤੌਰ 'ਤੇ ਪਰੇਸ਼ਾਨ ਦੱਸਿਆ ਗਿਆ ਹੈ।
ਯੌਂਕਰਸ ਪੁਲਿਸ 25 ਸਾਲਾਂ ਵਿਅਕਤੀ ਦੀ ਮੌਤ ਨੂੰ ਸਪੱਸ਼ਟ ਆਤਮ ਹੱਤਿਆ ਦੱਸ ਰਹੀ ਹੈ। ਪੁਲਿਸ ਨੇ ਫਿਲਹਾਲ ਮ੍ਰਿਤਕਾਂ ਵਿੱਚੋਂ ਕਿਸੇ ਦੇ ਨਾਂ ਜਾਂ ਜੱਦੀ ਸ਼ਹਿਰ ਸਾਂਝੇ ਨਹੀਂ ਕੀਤੇ ਹਨ । ਪੁਲਿਸ ਨੇ ਦੱਸਿਆ ਕਿ ਗਵਾਹਾਂ ਅਤੇ ਪਰਿਵਾਰਕ ਮੈਂਬਰਾਂ ਦੀ ਇੰਟਰਵਿਊ ਲਈ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ। ਘਟਨਾ ਸਥਾਨ ਦੀ ਸੀ ਸੀ ਟੀ ਵੀ ਵੀਡੀਓ ਦੀ ਪੁਲਿਸ ਅਧਿਕਾਰੀਆਂ ਦੁਆਰਾ ਸਮੀਖਿਆ ਕੀਤੀ ਜਾ ਰਹੀ ਹੈ। ਇਸ ਹਾਦਸੇ ਦੇ ਸਬੰਧ ਵਿੱਚ ਪੁਲਿਸ ਵਿਭਾਗ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।