ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਿਰਸਾ ਦੇ ਗੁਰਮੁਖੀ ਅਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਵਿੱਚ ਫੇਲ੍ਹ ਹੋਣਾ ਸਿੱਖ ਕੌਮ ਲਈ ਵੱਡੀ ਨਮੋਸ਼ੀ- ਬੀਰ ਦਵਿੰਦਰ ਸਿੰਘ
ਮੋਹਾਲੀ, ਬਾਬੂਸ਼ਾਹੀ ਨੈੱਟਵਰਕ, 22 ਸਤੰਬਰ 2021- ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਮੀਤ ਪ੍ਧਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਜਾਰੀ ਬਿਆਨ ਰਾਹੀਂ ਕਿਹਾ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਗੁਰਮੁਖੀ ਅਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਣਾਂ, ਸਾਰੀ ਸਿੱਖ ਕੌਮ ਲਈ ਵੱਡੀ ਨਮੋਸ਼ੀ ਦੀ ਵਜ੍ਹਾ ਬਣ ਗਈ ਹੈ। ਇਸ ਅਫ਼ਸੋਸਨਾਕ ਵਰਤਾਰੇ ਨਾਲ, ਸਿੱਖ ਕੌੰਮ ਦੀ ਸ਼ੋਭਾ ਅਤੇ ਸਿਆਣਪ ਨੂੰ ਵੱਡੀ ਢਾਅ ਲੱਗੀ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ, ਸਿੱਖ ਕੌਮ ਦੀਆਂ ਦੋ ਅਜਿਹੀਆਂ ਅਜ਼ੀਮ ਸੰਸਥਾਵਾਂ ਹਨ, ਜੋ ਸਮੁੱਚੀ ਸਿੱਖ ਕੌਮ ਦੇ ਬੁੱਧੀ-ਵਿਵੇਕ ਦਾ ਦਰਪਣ ਮੰਨੀਆਂ ਜਾਂਦੀਆਂ ਹਨ। ਜੇ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦਾ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹੀ ਗੁਰਮੁਖੀ ਅਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਜਾਣ, ਤਾਂ ਕੀ ਫੇਰ ਸਾਰੀ ਦੁਨੀਆਂ ਸਾਡਾ ਮਜ਼ਾਕ ਨਹੀਂ ਉਡਾਏਗੀ ? ਇਸ ਤੋਂ ਵੀ ਵੱਧ ਸ਼ਰਮ ਅਤੇ ਨਮੋਸ਼ੀ ਦੀ ਗੱਲ ਇਹ ਹੈ, ਕਿ ਜਦੋਂ ਮਨਜਿੰਦਰ ਸਿੰਘ ਸਿਰਸਾ ਦੀ ਉਮੀਦਵਾਰੀ ਨੂੰ ਦਿੱਲੀ ਦੀਆ ਸਿੱਖ ਸੰਗਤਾਂ ਨੇ ਵੋਟ ਰਾਹੀਂ ਰੱਦ ਕਰ ਦਿੱਤਾ ਹੈ ਤਾਂ ਅਜਿਹੇ ਸਕਸ਼ ਨੂੰ, ਕਾਹਲੀ ਨਾਲ ਚੋਰ ਦਰਵਾਜੇ ਰਾਹੀਂ, ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਉੱਤੇ ਆਪਣਾ ਸਿਆਸੀ ਦਬਾਓ ਪਾ ਕੇ, ਦਿੱਲੀ ਸਿੱਖ ਗੁਰਦਵਾਰਾ ਮਨੇਜਮੈਂਟ ਕਮੇਟੀ ਦਾ ਦੁਬਾਰਾ ਪ੍ਰਧਾਨ ਬਣਾਉਂਣ ਲਈ ਕਿਉਂ ਨਾਮਜ਼ੱਦ ਕੀਤਾ ਗਿਆ ? ਕੀ ਸਿੱਖ ਕੌਮ ਪਾਸ ਅਜਿਹੇ ਅਲਪਬੁੱਧੀ ਵਿਅਕਤੀ ਤੋਂ ਬਿਨਾਂ, ਹੋਰ ਕੋਈ ਵੀ ਯੋਗ ਵਿਅਕਤੀ ਨਹੀਂ ਹੈ ? ਹੁਣ ਤਾਂ ਸਾਰੀ ਦੁਨੀਆ ਇਹ ਸੋਚਦੀ ਹੋਵੇਗੀ, ਕਿ ਸਿੱਖ ਕੌਮ ਆਪਣੇ ਅਜਿਹੇ ਆਗੂ ਨੂੰ ਚੁਣ ਕੇ, ਗੁਰਦਵਾਰਿਆਂ ਦਾ ਪ੍ਰਬੰਧ ਉਨ੍ਹਾਂ ਦੇ ਹਵਾਲੇ ਕਰ ਦਿੰਦੀ ਹੈ ਜੋ ਕਿ ਗੁਰਮੁਖੀ ਅਤੇ ਗੁਰਬਾਣੀ, ਦੋਵਾਂ ਦੇ ਹੀ ਗਿਆਨ ਤੋਂ ਸੱਖਣੇ ਹਨ। ਗੁਰੂ ਨਾਨਕ ਦੇਵ ਜੀ ਗੁਰਬਾਣੀ ਰਾਹੀ ਅਜਿਹੀ ਕੂੜ ਵਿਵਸਥਾ ਤੋਂ ਗੁਰਮੁਖਾ ਨੂੰ ਸੁਚੇਤ ਰਹਿਣ ਦੀ ਪ੍ਰੇਰਨਾ ਕਰਦੇ ਹਨ ਅਤੇ ਫੁਰਮਾਉਂਦੇ ਹਨ;
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥
ਆਪਿ ਮੁੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥
(ਅੰਗ-766, ਸ੍ਰੀ ਗੁਰੂ ਗ੍ਰੰਥ ਸਾਹਿਬ)
( ਅਰਥਾਤ : ਜੇਕਰ ਇੱਕ ਅੰਨ੍ਹੇ ਮਨੁਖ ਨੂੰ ਮੁਖੀਆ ਮੰਨ ਲਿਆਜਾਵੇ, ਉਹ ਠੀਕ ਰਸਤੇ ਨੂੰ ਕਿਸ ਤਰ੍ਹਾਂ ਪਛਾਣ ਸਕੇਗਾ।ਜਦੋਂ ਉਸ ਦੀ ਆਪਣੀ ਸਮਝ ਹੀ ਤੁੱਛ ਹੈ ਤੇ ਉਹ ਆਪ ਹੀ ਠੱਗਿਆ ਹੋਇਆ ਹੈ ਤਾਂ ਉਸਦੇ ਚੇਲੇ ਕਿਵੇਂ ਸਹੀ ਰਸਤਿਆਂ ਦੀ ਪਛਾਣ ਕਰ ਸਕਦੇ ਹਨ)
ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਨਮੋਸ਼ੀਜਨਕ ਘਟਨਾ ਦਾ ਸਖਤ ਨੋਟਿਸ ਲੈਂਦਿਆਂ, ਦਿੱਲੀ ਸਿੱਖ ਗੁਰਦਵਾਰਾ ਮਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ, ਗੁਰਮੁਖੀ ਅਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਜਾਣ ਕਾਰਨ, ਸ੍ਰੀ ਅਕਾਲ ਤਖਤ ਸਾਹਿਬ ਉੱਤੇ ਤਲਬ ਕਰਨ ਅਤੇ ਹਦਾਇਤ ਕਰਨ ਕਿ ਉਹ ਹਰ ਰੋਜ਼ ਗੁਰਮੁਖੀ ਸਿੱਖਣ ਅਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਦਾ ਅਭਿਆਸ ਕਰਨ ਅਤੇ ਦੋ ਮਹੀਨੇ ਬਾਅਦ, ਸ੍ਰੀ ਅਕਾਲ ਤਖਤ ਸਾਹਿਬ ਦੀ ਜ਼ੇਰ-ਏ-ਨਿਗਰਾਨੀ ਉਨ੍ਹਾਂ ਦੀ ਦੁਬਾਰਾ ਪਰੀਖਿਆ ਲਈ ਜਾਵੇ ਅਤੇ ਉਸ ਤੋਂ ਬਾਅਦ ਹੀ ਉਹ ਕਿਸੇ ਸਿੱਖ ਪਦਵੀ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ।
ਉਨਾਂ ਕਿਹਾ ਕਿ ਮੈਨੂੰ ਇਹ ਵੀ ਖਦਸ਼ਾ ਹੈ, ਕਿ ਜੇ ਅਜਿਹੀ ਹੀ ਪ੍ਰੀਖਿਆ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲਈ ਜਾਵੇ, ਤਾਂ ਉਹ ਯਕੀਨੀ ਤੌਰ ਤੇ ਮਨਜਿੰਦਰ ਸਿੰਘ ਸਿਰਸਾ ਤੋਂ ਵੀ ਵੱਡਾ ‘ਚੰਦ ਚਾੜ੍ਹਨ’ ਦੇ ਸਮਰੱਥ ਸਾਬਤ ਹੋਣਗੇ। ਉਨਾਂ ਕਿਹਾ ਕਿ ਉਹ ਸਾਰੀਆਂ ਸਿੰਘ ਸਭਾਵਾਂ ਨੂੰ ਇਹ ਬੇਨਤੀ ਕਰਾਂਗਾ ਕਿ ਉਹ ਕਿਸੇ ਵੀ ਸਿੰਘ ਸਭਾ ਗੁਰਦਵਾਰੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੱਦਾ ਦੇ ਕੇ, ਉਨ੍ਹਾਂ ਪਾਸੋਂ ‘ਪੈਂਤੀਸ ਅੱਖਰੀ’ ਜਾਂ ਨਿੱਤ ਨੇਮ ਦੀਆਂ ਪੰਜ ਬਾਣੀਆਂ ਜ਼ਰੂਰ ਸਰਵਣ ਕਰਨ, ਯਕੀਨ ਜਾਣਿਓ ਕਿ ਅਜਿਹਾ ਅਨੰਦ ਆਵੇਗਾ, ਜਿਸ ਦਾ ਅੰਦਾਜ਼ਾ ਲਗਾਉਣਾ ਵੀ ਸਿੱਖ ਸੰਗਤਾਂ ਲਈ ਮੁਸ਼ਕਿਲ ਹੋਵੇਗਾ।