25 ਨੂੰ ਕਿਸਾਨਾਂ ਦੇ ਹੱਕ ਵਿਚ ਪਟਿਆਲਾ ਵਿਖੇ ਕੀਤਾ ਜਾਵੇਗਾ ਰੋਸ ਮਾਰਚ : ਲਵਲੀ
ਜਗਤਾਰ ਸਿੰਘ
ਪਟਿਆਲਾ, 18 ਸਤੰਬਰ 2021: ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਸਾਬਕਾ ਵਾਈਸ ਚੇਅਰਮੈਨ ਕੁਲਵਿੰਦਰ ਸਿੰਘ ਲਵਲੀ ਦੇ ਘਰ ਕੇਂਦਰ ਸਰਕਾਰ ਵੱਲੋਂ ਬਣਾਏ ਕਿਸਾਨਾਂ ਖਿਲਾਫ਼ ਕਾਲੇ ਕਾਨੂੰਨ ਦੇ ਵਿਰੋਧ ਵਿਚ ਮੀਟਿੰਗ ਹੋਈ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਵਪਾਰੀ ਜਥੇਬੰਦੀਆਂ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਧਰਨੇ ਤੇ ਬੈਠੇ ਸੰਘਰਸ਼ ਕਰ ਰਹੇ ਹਨ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਫਰਕ ਨਹੀਂ ਪੈ ਰਿਹਾ। ਅੰਦੋਲਨ ਦੌਰਾਨ ਕਿਤਨੇ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਗਏ ਪਰ ਕੇਂਦਰ ਸਰਕਾਰ ’ਤੇ ਕੋਈ ਅਸਰ ਨਹੀਂ ਪੈ ਰਿਹਾ।
ਉਨ੍ਹਾਂ ਕਿਹਾ ਕਿ ਅੱਜ ਕਿਸਾਨ ਪੜ੍ਹਿਆ ਲਿਖਿਆ ਤੇ ਸੂਝਵਾਨ ਹੈ। ਕਿਸਾਨੀ ਤੇ ਵਪਾਰ ਦਾ ਭਲਾ ਤਾਂ ਹੀ ਹੋ ਸਕਦਾ ਹੈ ਜਦੋਂ ਇਨ੍ਹਾਂ ਨਾਲ ਸਬੰਧ ਰੱਖਣ ਵਾਲੇ ਲੋਕ ਹੀ ਚੋਣ ਲੜ ਕੇ ਵਿਧਾਨ ਸਭਾ ਜਾਂ ਲੋਕ ਸਭਾ ਵਿਚ ਜਾਣਗੇ। ਅੱਜ ਸਮਾਂ ਆ ਗਿਆ ਹੈ ਆਪਣੀਆਂ ਨੀਤੀਆਂ ਨੂੰ ਸਹੀ ਦਿਸ਼ਾ ਦੇਣ ਲਈ ਕਿਸਾਨਾਂ ਤੇ ਵਪਾਰੀਆਂ ਨੂੰ ਹੀ ਅੱਗੇ ਆਉਣਾ ਪਵੇਗਾ। ਅਸੀਂ ਵਪਾਰੀ ਵਰਗ ਵੱਲੋਂ ਆਉਣ ਵਾਲੀ 25 ਤਰੀਕ ਨੂੰ ਕਿਸਾਨਾਂ ਦੇ ਹੱਕ ਵਿਚ ਸਫ਼ਾਬਾਦੀ ਗੇਟ ਤੋਂ ਅਨਾਰਦਾਨਾ ਚੌਂਕ ਤੱਕ ਰੋਸ ਮਾਰਚ ਕੱਢਾਂਗੇ ਅਤੇ ਬੀ. ਜੇ. ਪੀ. ਮੋਦੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਇਕੋ ਹੀ ਨਾਅਰਾ ਹੋਵੇਗਾ ਕਿ ਤਿੰਨੋਂ ਕਾਲੇ ਕਾਨੂੰਨ ਵਾਪਸ ਕੀਤੇ ਜਾਣ।
ਰੋਸ ਮਾਰਚ ਪਹਿਲਾਂ ਪਟਿਆਲਾ ਸ਼ਹਿਰ ’ਚ ਫਿਰ ਹਲਕਾ ਸਨੌਰ ’ਚ ਅਤੇ ਬਾਅਦ ’ਚ ਪਟਿਆਲਾ ਦਿਹਾਤੀ ਅਤੇ ਸਮਾਣਾ ਵਿਖੇ ਕੱਢਿਆ ਜਾਵੇਗਾ। 27 ਤਰੀਕ ਨੂੰ ਕਿਸਾਨਾਂ ਦੀ ਭਾਰਤ ਬੰਦ ਦੀ ਕਾਲ ਦਾ ਅਸੀਂ ਪੂਰਾ ਸਮਰਥਨ ਕਰਦੇ ਹਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਦਿਨ ਮੁਕੰਮਲ ਬੰਦ ਕੀਤਾ ਜਾਵੇ। ਇਸ ਸਮੇਂ ਮੀਟਿੰਗ ਵਿਚ ਡਾਕਟਰ ਕੁਲਜੀਤ ਸਿੰਘ, ਨਾਸਰ ਖਾਨ, ਅਵਿੰਦਰ ਸਿੰਘ ਸਾਬੀ, ਜਗਜਤੀ ਸਿੰਘ ਮਿੰਟੂ, ਰਾਜਾ ਰਾਮ, ਭੁਪਿੰਦਰਪਾਲ ਸਿੰਘ ਸਮਾਟੀ, ਦਪਿੰਦਰ ਸਿੰਘ, ਤੇਜਿੰਦਰਪਾਲ ਸਿੰਘ ਸੋਢੀ, ਰਾਜਬੀਰ ਸਿੰਘ, ਕਰਨ ਵਰਮਾ, ਅਮਰਜੀਤ ਸਿੰਘ, ਰਵਨੀਤ ਸਿੰਘ, ਸਿਕੰਦਰ ਸਿੰਘ ਆਦਿ ਹਾਜ਼ਰ ਸਨ।