ਪੁਲਿਸ ਦੇ ਸੀਨੀਅਰ ਅਫਸਰਾਂ ਨੇ ਨਹੀਂ ਝੱਲੀ ਵੱਡੇ ਠਾਣੇਦਾਰ ਦੀ ‘ਕਨੌੜ’
ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ2021:ਬਠਿੰਡਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਥਾਣਾ ਕੈਨਾਲ ਕਲੋਨੀ ਬਠਿੰਡਾ ਦੇ ਮੁੱਖ ਥਾਣਾ ਅਫਸਰ ਮੇਜਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਜਿਸ ਨੇ ਨਸ਼ਿਆਂ ਖਿਲਾਫ ਕੀਤੀ ਇੱਕ ਨੁੱਕੜ ਸਭਾ ’ਚ ਔਰਤਾਂ ਦੀ ਹਾਜ਼ਰੀ ’ਚ ‘ਗੰਦ ਪਾਉਣ ਵਾਲੀਆਂ ਨੂੰ ਮੈਂ ਸਲਵਾਰਾਂ ਪੁਆਵਾਂਗਾ ਮੇਰੀ ਪੰਜਾਬੀ ’ਚ ਗੱਲ ਹੈ ’ ਵਰਗੇ ਬੇਹੱਦ ਭੱਦੇ ਅਤੇ ਗੈਰਮਰਿਆਦਾ ਵਾਲੇ ਬੋਲ ਬੋਲੇ ਸਨ। ਮਹੱਤਵਪੂਰਨ ਤੱਥ ਹੈ ਕਿ ਇਸ ਸਭਾ ’ਚ ਇਲਾਕੇ ਦਾ ਕੌਂਸਲਰ ਵੀ ਹਾਜਰ ਸੀ। ਹਾਲਾਂਕਿ ਐਸ ਐਚ ਓ ਮੇਜਰ ਸਿੰਘ ਨੇ ਬਾਅਦ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀ ਬੋਲਬਾਣੀ ਨੂੰ ਲੈਕੇ ਖੇਦ ਜਤਾਇਆ ਸੀ ਫਿਰ ਪੁਲਿਸ ਅਧਿਕਾਰੀਆਂ ਨੇ ਵਿਵਾਦਤ ਟਿੱਪਣੀਆਂ ਦਾ ਸਖਤ ਨੋਟਿਸ ਲੈਂਦਿਆਂ ਤਾਜਾ ਕਾਰਵਾਈ ਕੀਤੀ ਹੈ।
ਉਂਜ ਹਾਲੇ ਤੱਕ ਇਸ ਥਾਣੇਦਾਰ ਨੂੰ ਮੁਅੱਤਲ ਤਾਂ ਨਹੀਂ ਕੀਤਾ ਗਿਆ ਪਰ ਅਧਿਕਾਰੀ ਬਠਿੰਡਾ ਪੁਲਿਸ ਦਾ ਅਕਸ ਵਿਗਾੜਣ ਵਾਲੇ ਇਸ ਸਾਬਕਾ ਐਸ ਐਚ ਓ ਨਾਲ ਨਰਾਜ਼ ਜਰੂਰ ਹਨ। ਸੂਤਰ ਦੱਸਦੇ ਹਨ ਕਿ ਬਠਿੰੰਡਾ ’ਚ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਵੀ ਚੁਣੇ ਹੋਏ ਨੁਮਾਇੰਦੇ ਦੀ ਹਾਜਰੀ ’ਚ ਬੋਲੇ ਬੋਲ ਕੁਬੋਲਾਂ ਦਾ ਬੁਰਾ ਮਨਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਭਾ ’ਚ ਦਿੱਤੇ ਭਾਸ਼ਣ ਕਾਰਨ ਕਾਂਗਰਸ ਦਾ ਅਕਸ ਵੀ ਪ੍ਰਭਾਵਿਤ ਹੋਣ ਦਾ ਖਤਰਾ ਸੀ ਜੋ ਇਸ ਕਾਰਵਾਈ ਦਾ ਅਧਾਰ ਬਣਿਆ ਹੈ। ਸੂਤਰਾਂ ਨੇ ਦੱਸਿਆ ਕਿ ਇਸ ਤਰਾਂ ਜਨਤਕ ਤੌਰ ਤੇ ਬੋਲਣਾ ਉਹ ਵੀ ਔਰਤਾਂ ਦੀ ਮੌਜੂਦਗੀ ’ਚ ਸਾਰੇ ਹੱਦਾਂ ਬੰਨੇ ਟੱਪ ਜਾਣਾ ਤਾਂ ਲੀਡਰ ਕਿਵੇਂ ਹਜਮ ਕਰ ਸਕਦੇ ਹਨ।
ਗੌਰਤਲਬ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਨੂੰ ਗਹੁ ਨਾਲ ਸੁਣੀਏ ਤਾਂ ਸਮਝ ਆਉਂਦਾ ਹੈ ਕਿ ਉਸ ਨੇ ‘ਮੈਂ ਕਿਸੇ ਦੀ ਨਹੀਂ ਸੁਣਦਾ’ ਵਰਗੇ ਬੋਲਾਂ ਨੂੰਆਪਣੇ ਤੋਂ ਉੱਚ ਅਹੁਦੇ ਵਾਲੇ ਅਧਿਕਾਰੀਆਂ ਨੇ ਆਪਣੀ ਪ੍ਰਸ਼ਾਸ਼ਨਿਕ ਹਸਤੀ ਨੂੰ ਚੁਣੌਤੀ ਮੰਨਿਆ ਹੈ। ਐਸ ਐਚ ਓ ਮੇਜਰ ਸਿੰਘ ਨੇ ਆਖਿਆ ਸੀ ਕਿ ਹੋ ਸਕਦਾ ਹੈ ਕਿ ਜਿਹੜਾ ਵੀ ਕੋਈ ਗੰਦ ਪਾਉਂਦਾ ਹੈ ਉਸ ਦੀ ਪਾਵਰ ਜਿਆਦਾ ਹੈ ਪਰ ਮੇਰਾ ਜੱਫ ਪੁਆ ਦਿਓ ਉਹਦੇ ਨਾਲ। ਜਿਹੋ ਜਿਹੀ ਹਾਲਤ ’ਚ ਮੈਂ ਫੜੂੰਗਾ ਉਸੇ ਹਾਲਤ ’ਚ ਲੈਕੇ ਜਾਊਂਗਾ ਇਸ ਲਈ ਆਪਣੀਆਂ ਇੱਜਤਾਂ ਬਚਾ ਲਓ, ਗੇਟ ਲਾ ਲਓ। ਐਸ ਐਚ ਓ ਨੇ ਆਪਣੇ ਥਾਣੇ ਦੇ ਮੁਲਾਜਮਾਂ ਸਬੰਧੀ ਵੀ ਕੁਲੈਕਸ਼ਨ ਜਾਂ ਤੰਗ ਪ੍ਰੇਸ਼ਾਨ ਕਰਨ ਵਰਗੀਆਂ ਟਿੱਪਣੀਆਂ ਵੀ ਕੀਤੀਆਂ ਸਨ।
ਇਸ ਥਾਣੇਦਾਰ ਨੇ ਮੋਟਰਸਾਈਕਲਾਂ ਤੇ ਘੁੰਮਣ ਵਾਲੇ ਨੌਜਵਾਨਾਂ ਬਾਰੇਵੀ ਕਾਫੀ ਕੁੱਝ ਕਿਹਾ ਤੇ ਸਖਤੀ ਦੀ ਗੱਲ ਵੀ ਆਖੀ ਸੀ। ਉਸ ਨੇ ਕਿਹਾ ਸੀ ਕਿ ਜਿਹੜੇ ਗਲ੍ਹਤ ਬੰਦੇ ਨੂੰ ਫੜ੍ਹ ਲਿਆ ਮੈਂ ਕੁੱਟ ਕੇ ਲਿਜਾਊਂ ਏਥੋਂ। ਜਿਹੜੇ ਆਹ ਨੀਕਰਾਂ ਪਾਕੇ ਹਵਾ ਕਰਦੇ ਫਿਰਦੇ ਹਨ ਇਹ ਵੀ ਬਾਜ ਆ ਜਾਣ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹਨ ਇੰਨ੍ਹਾਂ ਦੀ ਰਾਖੀ ਕਰਨ ਵਾਸਤੇ ਮੈ ਹਾਂ। ਨਸ਼ਿਆਂ ਬਾਰੇ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ ਨਾਂ ਹੀ ਦੁਸ਼ਮਣੀ ਪਾਉਣ ਦੀ ਮੇਰਾ ਨੈਟਵਰਕ ਬਹੁਤ ਹੈ ਮੈਂ ਆਪੇ ਕਰੂੰ। ਇਸ ਤੋਂ ਇਲਾਵਾ ਵੀ ਵੀਡੀਓ ’ਚਹੋ ਵੀ ਕਾਫੀ ਕੁੱਝ ਬੋਲਿਆ ਗਿਆ । ਐਸ ਐਚ ਓ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਮੇਰੀ ਬਦਲੀ ਹੋਣ ਤੇ ਇਲਾਕੇ ਦੇ ਲੋਕ ਰੁਕਵਾਉਣ ਲਈ ਅਫਸਰਾਂ ਕੋਲ ਜਾਣਗੇ।
ਥਾਣੇਦਰ ਲਾਈਨ ਹਾਜ਼ਰ: ਐਸ ਪੀ ਸਿਟੀ
ਸੀਨੀਅਰ ਪੁਲਿਸ ਕਪਤਾਨ ਅਜੇ ਮਲੂਜਾ ਨੇ ਤਾਂ ਸੰਪਰਕ ਕਰਨ ਤੇ ਫੋਨ ਨਹੀਂ ਚੁੱਕਿਆ ਪਰ ਐਸ ਪੀ ਸਿਟੀ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਥਾਣੇਦਾਰ ਮੇਜਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅਸਲ ’ਚ ਮੇਜਰ ਸਿੰਘ ਨੇ ਇੱਕ ਮੁੱਖ ਥਾਣਾ ਅਫਸਰ ਵਜੋਂ ਆਪਣੇ ਫਰਜ਼ ਸਹੀ ਢੰਗ ਨਾਲ ਨਹੀਂ ਨਿਭਾਏ ਅਤੇ ਜਨਤਕ ਤੌਰ ਤੇ ਚੁਣੇ ਪ੍ਰਤੀਨਿਧ ਦੀ ਮੌਜੂਦਗੀ ਵਿੱਚ ਇਸ ਤਰਾਂ ਦੀ ਭੱਦੀ ਸ਼ਬਦਾਵਲੀ ਕਿਸ ਤਰਾਂ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹੈ।