ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਤਿੰਨ ਦਿਨਾਂ ਕਥਾ ਦਾ ਆਯੋਜਨ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 18 ਸਤੰਬਰ 2021- ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਚੈਰੀਟੇਬਲ ਟਰੱਸਟ ਮੁਕਤਸਰ ਰੋੜ ਕੋਟਕਪੂਰਾ ਵਿੱਚ ਤਿੰਨ ਦਿਨਾਂ ਦੀ ਸ਼੍ਰੀ ਹਰਿ ਕਥਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਾਈ।
ਕਥਾ ਦੇ ਦੌਰਾਨ ਸਾਧਵੀ ਰੀਤੂ ਭਾਰਤੀ ਜੀ ਨੇ ਸ਼੍ਰੀ ਹਰਿ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਕਿਹਾ ਸ਼੍ਰੀ ਦਾ ਭਾਵ ਹੁੰਦਾ ਹੈ ਹਮੇਸ਼ਾਂ ਰਹਿਣ ਵਾਲੀ ਸੱਤਾ ਜਿਸਦਾ ਕਦੇ ਵਿਨਾਸ਼ ਨਹੀਂ ਹੁੰਦਾ। ਜਿਵੇਂ ਕਿਸੇ ਮਨੁੱਖ ਦੀ ਜਦੋਂ ਮੌਤ ਹੁੰਦੀ ਹੈ, ਤਾਂ ਉਸਦੇ ਨਾਮ ਦੇ ਅੱਗੇ ਸਵਰਗੀ ਲੱਗ ਜਾਂਦਾ ਹਨ। ਪ੍ਰੰਤੂ ਉਹ ਸ਼੍ਰੀ ਹਰਿ ਜਦੋਂ ਇਸ ਧਰਤੀ ਤੋਂ ਆਪਣੀ ਲੀਲਾ ਖਤਮ ਕਰ ਆਪਣੇ ਧਾਮ ਜਾਂਦੇ ਹਨ ਤਾਂ ਉਨ੍ਹਾਂ ਦੇ ਨਾਮ ਦੇ ਅੱਗੇ ਹਮੇਸ਼ਾਂ ਸ਼੍ਰੀ ਲਗਦਾ ਹੈ, ਜਿਵੇਂ ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ। ਕਿਉਂਕਿ ਈਸ਼ਵਰੀ ਸੱਤਾ ਨਾ ਕਦੇ ਜਨਮ ਲੈਂਦੀ ਹੈ ਅਤੇ ਨਾ ਕਦੇ ਮਰਦੀ ਹੈ, ਉਹ ਅਮਰ ਰਹਿੰਦੀ ਹੈ। ਅੱਗੇ ਸਾਧਵੀ ਜੀ ਨੇ ਦੱਸਿਆ ਕਿ ਹਰਿ ਦਾ ਭਾਵ ਹੈ ਹਰਣ ਕਰਣ ਵਾਲਾ, ਜੋ ਭਗਤਾਂ ਦੇ ਦੁਖਾਂ ਨੂੰ ਹਰ ਲੈਂਦਾ ਹੈ, ਭਾਵ ਦੁੱਖਾਂ ਦਾ ਨਾਸ਼ ਕਰ ਦਿੰਦਾ ਹੈ। ਉਹ ਸੱਤਾ ਹਰ ਯੁੱਗ ਹਰ ਕਾਲ ਵਿੱਚ ਭਗਤਾਂ ਦੇ ਦੁੱਖਾਂ ਦਾ ਨਾਸ਼ ਕਰਨ ਲਈ ਜਨਮ ਲੈਂਦੀ ਹੈ। ਜਿਵੇਂ ਪ੍ਰਹਿਲਾਦ ਨੂੰ ਸੰਕਟ ਤੋਂ ਬਚਾਉਣ ਲਈ ਸ਼੍ਰੀ ਹਰਿ ਨੇ ਨਰਸਿੰਘ ਦਾ ਰੂਪ ਧਾਰਨ ਕੀਤਾ। ਸਾਧਵੀ ਜੀ ਨੇ ਕਿਹਾ ਕਿ ਸ਼੍ਰੀ ਹਰਿ ਨੂੰ ਜਾਨਣ ਦੇ ਲਈ ਮਨੁੱਖ ਨੂੰ ਦਿਵਿਆ ਅੱਖ ਦੀ ਜ਼ਰੂਰਤ ਹੈ, ਜੋ ਕਿ ਪੂਰਨ ਗੁਰੂ ਦੀ ਕਿਰਪਾ ਨਾਲ ਸੰਭਵ ਹੈ। ਜਿਵੇਂ ਪ੍ਰਹਿਲਾਦ ਨੇ ਗੁਰੂ ਨਾਰਦ ਮੁਨੀ ਦੀ ਕਿਰਪਾ ਨਾਲ ਹੀ ਸ਼੍ਰੀ ਹਰਿ ਦੇ ਅਸਲੀ ਰੂਪ ਪ੍ਰਕਾਸ਼ ਨੂੰ ਆਪਣੇ ਅੰਦਰ ਦੇਖਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀ ਰਾਧਾਕ੍ਰਿਸ਼ਨ ਮੰਦਿਰ ਕਮੇਟੀ ਮੈਂਬਰ ਬਾਬਾ ਹਰਿ ਦਰਸ਼ਨ ਜੀ ਮਹਾਰਾਜ ( ਸੰਸਥਾਪਕ ), ਰਾਜ ਕੁਮਾਰ ਅੱਗਰਵਾਲ ਪ੍ਰਧਾਨ, ਪੰਕਜ ਭਾਰਤੀ, ਪ੍ਰਮੋਦ ਸ਼ਰਮਾ (ਸੈਕਟਰੀ), ਸੰਜੇ ਸ਼ਰਮਾ (ਪੁਜਾਰੀ), ਕਿਸ਼ਨ ਸ਼ਰਮਾ (ਪੁਜਾਰੀ) ਅਤੇ ਸਾਰੇ ਕਮੇਟੀ ਮੈਂਬਰਾਂ ਦਾ ਭਰਪੂਰ ਸਹਿਯੋਗ ਰਿਹਾ। ਕਥਾ ਦਾ ਸਮਾਪਨ ਪ੍ਰਭੂ ਦੀ ਪਾਵਨ ਆਰਤੀ ਦੇ ਨਾਲ ਕੀਤਾ ਗਿਆ ।