ਡੇਰਾ ਨਿਰਮਲ ਕੁਟੀਆ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ- ਭਾਈ ਗੁਰਪ੍ਰੀਤ ਸਿੰਘ
ਸੰਤ ਬਾਬਾ ਦਲੇਲ ਸਿੰਘ ਜੀ ਦੀ ਬਰਸੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 18 ਸਤੰਬਰ 2021 - ਸੰਤ ਬਾਬਾ ਦਲੇਲ ਸਿੰਘ ਜੀ ਡੇਰਾ ਨਿਰਮਲ ਕੁਟੀਆ ਸਰਾਏ ਖ਼ਾਮ (ਕੱਚੀ ਸਰਾਂ) ਨਜਦੀਕ ਮਲਸੀਆਂ ਇਲਾਕੇ ਦੀਆਂ ਸੰਗਤਾਂ ਦੇ ਮਾਣ ਮੱਤੇ ਸਹਿਯੋਗ ਨਾਲ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੀਆਂ ਪੰਜ ਲੜਕੀਆਂ ਦੇ ਵਿਆਹ ਕੀਤੇ ਜਾਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਸਰਾਂ ਵਾਲਿਆਂ ਨੇ ਪਿੰਡ ਸਰਾਏ ਖ਼ਾਮ (ਕੱਚੀ ਸਰਾਂ) ਨਿਰਮਲ ਕੁਟੀਆ ਸੰਤ ਬਾਬਾ ਦਲੇਲ ਸਿੰਘ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਇਸ ਵਿਆਹ ਸਮਾਗਮ ਵਿੱਚ 18 ਸਾਲ ਦੀ ਉਮਰ ਤੋਂ ਵੱਧ ਉਮਰ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਣਗੀਆਂ। ਇਸ ਵਾਸਤੇ ਲੋੜਵੰਦ ਪਰਿਵਾਰ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਲੜਕੀਆਂ ਦੀ ਚੋਣ ਕਰਦੇ ਹੋਏ ਕਈ ਗੱਲਾਂ ਧਿਆਂਨ ਵਿੱਚ ਰੱਖੀਆਂ ਜਾਂਦੀਆਂ ਹਨ ਜਿਵੇ: ਲੜਕੀ ਦੀ ਉਮਰ,ਪਰਿਵਾਰ ਦੀ ਆਮਦਨ ,ਘਰ ਵਿੱਚ ਫਜੂਲ ਖਰਚੀ ਜਾਂ ਨਸ਼ਾਂ ਵਗੈਰਾ ਨਾ ਚੱਲਦਾ ਹੋਵੇ,ਪਰਿਵਾਰ ਵਿੱਚ ਕਿੰਨੇ ਮੈਂਬਰ ਹਨ ਅਤੇ ਕੀ ਕਰਦੇ ਹਨ ਆਦਿ ਇਸ ਵਾਸਤੇ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸੰਗਤਾਂ ਨਾਲ ਵਿਚਾਰ ਚਰਚਾਂ ਕਰਨ ਤੋਂ ਬਾਅਦ ਹੀ ਲੋੜਵੰਦ ਲੜਕੀ ਦੀ ਚੋਣ ਕੀਤੀ ਜਾਂਦੀ ਹੈ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 17 ਨਵੰਬਰ ਨੂੰ ਸੰਤ ਬਾਬਾ ਦਲੇਲ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਈ ਜਾਵੇਗੀ। ਇਸ ਸਮਾਗਮ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲੜਕੀ ਨੂੰ ਤੋਹਫਿਆਂ ਦੇ ਤੌਰ ਤੇ ਘਰ ਵਰਤੋਂ ਦਾ ਸਮਾਨ ਵੀ ਨਿਰਮਲ ਕੁਟੀਆ ਵੱਲੋਂ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਨਿਰਮਲ ਕੁਟੀਆ ਦੇ ਆਸ ਪਾਸ ਦੇ ਪਿੰਡਾਂ ਦੇ ਲੋਕ ਪ੍ਰਬੰਧਕਾਂ ਜਾਂ ਭਾਈ ਗੁਰਪ੍ਰੀਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਇਸ ਪੁੰਨ ਦੇ ਕਾਰਜ ਵਿੱਚ ਉਹ ਵੀ ਆਪਣਾ ਬਣਦਾ ਯੋਗਦਾਨ ਜਰੂਰ ਪਾਉਣ। ਉਹਨਾਂ ਲੋੜਵੰਦ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੋੜੀਂਦੇ ਕਾਗਜ਼ ਆਦਿ ਨਾਲ ਲੈ ਕੇ ਆਉਣ। ਉਹਨਾਂ ਕਿਹਾ ਕਿ ਲੋੜਵੰਦ ਪਰਿਵਾਰ ਤਕਰੀਬਨ ਇਕ ਮਹੀਨਾ ਪਹਿਲਾਂ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ। ਬਰਾਤਾਂ ਦੀ ਆਓ ਭਗਤ ਅਤੇ ਠਹਿਰਾਓ ਦਾ ਯੋਗ ਪ੍ਰਬੰਧ ਹੋਵੇਗਾ। ਉਹਨਾ ਦੱਸਿਆ ਕਿ ਕੁਝ ਵਿਸ਼ੇਸ਼ ਹਸਤੀਆਂ ਅਤੇ ਸੰਤ ਮਹਾਂਪੁਰਸ਼ ਇਸ ਸਾਲਾਨਾ ਬਰਸੀ ਅਤੇ ਵਿਆਹ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ । ਉਹਨਾ ਦੱਸਿਆ ਕਿ ਬਾਹਰੋ ਆਉਣ ਵਾਲੇ ਸੰਤ ਮਹਾਂਪੁਰਸ਼ਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਹਨਾਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਦਾ ਹਿੱਸਾ ਬਣਨ ਅਤੇ ਆਪਣੇ ਵਿੱਤ ਅਨੁਸਾਰ ਹਿੱਸਾ ਪਾਉਣ ਦੀ ਅਪੀਲ ਕੀਤੀ।