ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸਹੀ ਦੇਖਭਾਲ ਲਈ ਕਿਸ ਆਗੂ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ, ਪੜ੍ਹੋ
ਹੁਸ਼ਿਆਰਪੁਰ, ਬਾਬੂਸ਼ਾਹੀ ਨੈੱਟਵਰਕ, 18 ਸਤੰਬਰ 2021- ਭਾਜਪਾ ਹਿਮਾਚਲ ਪ੍ਰਦੇਸ਼ ਦੇ ਪ੍ਭਾਰੀ ਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਪਾਕਿਸਤਾਨ ਸਥਿਤ ਮਹੱਤਵਪੂਰਨ ਇਤਿਹਾਸਕ ਗੁਰਦੁਆਰਾ ਸਾਹਿਬ ਜੋ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਡਿਜਾਇਨ ਵਿਚ ਬਣਿਆ ਹੋਇਆ ਹੈ, ਜੋ ਕਿ ਮਾਡ਼ੀ ਹਾਲਤ ਵਿਚ ਹੈ, ਦੇ ਬਾਰੇ ਰੋਸ ਜ਼ਾਹਿਰ ਕੀਤਾ ਹੈ। ਖੰਨਾ ਨੇ ਇਸ ਪੁਰਾਤਨ ਇਤਿਹਾਸਕ ਗੁਰਦੁਆਰਾ ਸਹਿਬ ਦੇ ਪਾਕਿਸਤਾਨ ਵਿਚ ਉਚ ਰੱਖ ਰਖਾਵ ਸਬੰਧੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਖੰਨਾ ਦੇ ਅਨੁਸਾਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਤੀ ਕੁਮਾਰ ਜੌਲੀ ਨੇ ਦੱਸਿਆ ਕਿ ਅਖਬਾਰਾਂ ਵਿਚ ਇਸ ਸਬੰਧੀ ਛਪੀ ਖਬਰ ਦੇ ਅਨੁਸਾਰ ਪੰਜਾਬ ਪਾਕਿਸਤਾਨ ਦੇ ਪਿੰਡ ਮੰਗਤ ਵਿਚ ਬਣੇ ਇਸ ਇਤਿਹਾਸਕ ਗੁਰਦੁਆਰੇ ਦੀ ਹਾਲਤ ਖਰਾਬ ਹੋ ਚੁੱਕੀ ਹੈ। ਖੰਨਾ ਨੇ ਕਿਹਾ ਹੈ ਕਿ ਕੱਟਡ਼ਵਾਦ ਦੇ ਕਾਰਨ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਦੇਖਭਾਲ ਤਾਂ ਕੀ ਹੋਣੀ ਸੀ, ਇਨ੍ਹਾਂ ਦੀ ਹਾਲਤ ਮਾਡ਼ੀ ਬਣੀ ਹੋਈ ਹੈ । ਅਵਿਨਾਸ਼ ਰਾਏ ਖੰਨਾ ਨੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਇਸ ਪੁਰਾਤਨ ਇਤਿਹਾਸਕ ਗੁਰਦੁਆਰੇ ਦੀ ਦੇਖਭਾਲ ਲਈ ਪਾਕਿਸਤਾਨ ਸਰਕਾਰ ਨਾਲ ਗੱਲ ਕੀਤੀ ਜਾਏ।