ਕੈਨੇਡਾ ‘ਚ ਸਿਆਸੀ ਪ੍ਰਚਾਰ ਤੇ ਕੋਰੋਨਾ ਦਾ ਪ੍ਰਸਾਰ ਸਿਖਰਾਂ ‘ਤੇ, ਵੋਟਾਂ ‘ਚ ਸਿਰਫ ਤਿੰਨ ਦਿਨ
ਅਲਬਰਟਾ ‘ਚ ਹੈਲਥ ਐਂਮਰਜੰਸੀ
ਟਰੂਡੋ ਨੇ ਅਲਬਰਟਾ ਸੂਬੇ ਦੇ ਮੁੱਖ ਮੰਤਰੀ ਨੂੰ ਹੈਲਥ ਐਮਰਜੰਸੀ ਦਾ ਦੋਸ਼ੀ ਮੰਨਿਆ
ਕਮਲਜੀਤ ਬੁੱਟਰ
ਕੈਲਗਰੀ, 18 ਸਤੰਬਰ 2021 : ਲਿਬਰਲ ਲੀਡਰ ਜਸਟਿਨ ਟਰੂਡੋ ਨੇ ਐਲਬਰਟਾ ਵਿੱਚ ਫੈਲੇ ਅਤੇ ਵਧੇ ਕੋਰੋਨਾ ਵਾਇਰਸ ਸੰਕਟ ਲਈ ਸੂਬੇ ਦੀ ਯੂਸੀਪੀ ਸਰਕਾਰ ਨੂੰ ਅਤੇ ਕੰਜ਼ਰਵੇਟਿਵ ਪਾਰਟੀ ਲੀਡਰ ਐਰਿਨ ਓ’ਟੂਲ ਨੇ ਫੈਡਰਲ ਲਿਬਰਲ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਸੋਮਵਾਰ ਨੂੰ ਦੇਸ਼ ਭਰ ਵਿੱਚ ਵੋਟਾਂ ਪੈਣੀਆਂ ਹਨ ਤੇ ਉਸ ਤੋਂ ਸਿਰਫ਼ 4 ਦਿਨ ਪਹਿਲਾਂ ਐਲਬਰਟਾ ਵਿੱਚ ਕੋਵਿਡ-19 ਸੰਕਟ ਵਧ-ਫੈਲ ਜਾਣ ਦੇ ਕਾਰਨ ਐਮਰਜੰਸੀ ਨਾਫਿਜ਼ ਕਰਨੀ ਪੈ ਗਈ ਹੈ ਤੇ ਰਾਜਨੀਤੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਕੰਜ਼ਰਵੇਟਿਵ ਪਾਰਟੀ ਉਮੀਦਵਾਰਾਂ ਨੂੰ ਨੁਕਸਾਨ ਹੋ ਸਕਦਾ ਹੈ। ਲਿਬਰਲ ਆਗੂ ਜਸਟਿਨ ਟਰੂਡੋ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਐਰਿਨ ਓ’ਟੂਲ, ਜੇਸਨ ਕੈਨੀ ਦੇ ਜਿਸ ਸਿਸਟਮ ਦੀ ਤਾਰੀਫ਼ ਕਰ ਰਹੇ ਸਨ ਉਸੇ ਦੀ ਕੈਨੀ ਨੇ ਮੁਆਫੀ ਮੰਗ ਲਈ ਹੈ ਤੇ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਵਿੱਚ ਪੂਰੇ ਦੇਸ਼ ਦੇ ਹੈਲਥ ਸਿਸਟਮ ਦਾ ਇਹੀ ਹਾਲ ਹੋਵੇਗਾ। ਓ’ਟੂਲ ਨੂੰ ਇਸੇ ਮਾਮਲੇ ਵਿੱਚ ਸਾਰਾ ਦਿਨ ਸਵਾਲਾਂ ਦੇ ਜਵਾਬ ਦੇਣੇ ਪਏ ਦੱਸੇ ਜਾਂਦੇ ਹਨ। ਓ’ਟੂਲ ਦਾ ਕਹਿਣਾ ਸੀ ਕਿ ਫੈਡਰਲ ਸਰਕਾਰ ਦੀਆਂ ਢਿੱਲੀਆਂ ਨੀਤੀਆਂ ਕਾਰਨ ਸੂਬੇ ਦਾ ਸੰਕਟ ਵਧਿਆ ਹੈ ਪਰ ਓ’ਟੂਲ ਕੈਨੀ ਬਾਰੇ ਪੁਛੇ ਗਏ ਸਵਾਲਾਂ ਤੋਂ ਟਾਲਾ ਵੱਟਦੇ ਰਹੇ।
ਕੈਨੇਡਾ ਦੇ ਇਕ ਦਹਾਕੇ ਤੱਕ ਪ੍ਰਾਇਮ ਮਨਿਸਟਰ ਰਹੇ ਬ੍ਰਾਇਨ ਮਲਰੋਨੀ ਨੇ ਕੰਜ਼ਰਵੇਟਿਵ ਪਾਰਟੀ ਲੀਡਰ ਐਰਿਨ ਓ’ਟੂਲ ਦੀ ਭਰਪੂਰ ਤਾਰੀਫ਼ ਕਰਦਿਆਂ ਕਿਹਾ ਹੈ ਕਿ ਉਹ ਪਾਰਟੀ ਦੇ ਦੂਰਦਰਸ਼ੀ, ਮਜ਼ਬੂਤ ਅਤੇ ਸਥਾਈ ਰੂਪ ਵਿੱਚ ਅਗਵਾਈ ਦੇਣ ਵਾਲੇ ਆਗੂ ਹਨ। ਉਹਨਾਂ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰਦਿਆਂ ਸਾਬਕਾ ਪ੍ਰਾਇਮ ਮਨਿਸਟਰ ਨੇ ਕਿਹਾ ਕਿ ਓ’ਟੂਲ ਦੀ ਅਗਵਾਈ ਵਿੱਚ ਬਣਨ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੋਰੇਗੀ।
ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਫੇਅਰੀ ਕ੍ਰੀਕ ਅਤੇ ਟ੍ਰਾਂਸ ਮਾਊਂਟੇਨ ਵਿਸਥਾਰਟ ਪ੍ਰੋਜੈਕਟ ਦੇ ਮੁੱਦੇ ‘ਤੇ ਕੁਝ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਟੋਰੰਟੋ ਦੇ ਕਲਾਇਮੇਟ ਜਸਟਿਸ ਨਾਮਕ ਗਰੁਪ ਦੇ ਕਾਰਕੁੰਨਾਂ ਨੇ ਉਹਨਾਂ ਨੂੰ ਚੈਲੇਂਜ ਕਰਦਿਆਂ ਇਹਨਾਂ ਦੋਹਾਂ ਮਾਮਲਿਆਂ ‘ਤੇ ਆਪਣੀ ਸਥਿਤੀ ਸਪਸ਼ਟ ਕਰਨ ਨੂੰ ਕਿਹਾ। ਵੈਨਕੂਵਰ ਆਇਲੈਂਡ ‘ਤੇ ਕੁਝ ਦਰਖ਼ਤ 2-2 ਹਜ਼ਾਰ ਸਾਲ ਵੀ ਪੁਰਾਣੇ ਹਨ ਤੇ ਇਹ ਫੇਅਰੀ ਕ੍ਰੀਕ ਅਨ-ਪ੍ਰੋਟੈਕਟਿਡ ਓਲਡ ਗ੍ਰੋਥ ਇਲਾਕਾ ਹੈ। ਜੇ ਜਗਮੀਤ ਸਿੰਘ ਇਸ ਦੇ ਹੱਕ ਵਿੱਚ ਬੋਲਦੇ ਹਨ ਤਾਂ ਉਹ ਸਥਾਨਕ ਐਨਡੀਪੀ ਸਰਕਾਰ ਦਾ ਵਿਰੋਸ਼ ਹੋਵੇਗਾ ਤੇ ਜੇ ਅਜਿਹਾ ਨਹੀਂ ਕਰਦੇ ਤਾਂ ਮੂਲ ਨਿਵਾਸੀ ਉਹਨਾਂ ਨਾਲ ਨਾਰਾਜ਼ ਹੁੰਦੇ ਹਨ।