ਮਾਲ ਮੰਤਰੀ ਰਾਮਪੁਰਾ ਹਲਕੇ ਤੋਂ ਕਰਨਗੇ ‘ਮਿਸ਼ਨ ਲਾਲ ਲਕੀਰ’ ਦੀ ਸ਼ੁਰੂਆਤ : ਡੀਸੀ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ, 17ਸਤੰਬਰ2021- ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਲਾਲ ਲਕੀਰ ਅਧੀਨ ਆਉਂਦੇ ਰਕਬੇ ਦੀ ਬਠਿੰਡਾ ਜ਼ਿਲ੍ਹੇ ਅੰਦਰ 21 ਸਤੰਬਰ ਤੋਂ ਨਿਸ਼ਾਨਦੇਹੀ ਸ਼ੁਰੂ ਕੀਤੀ ਜਾਵੇਗੀ। ਜ਼ਿਲ੍ਹੇ ਅਧੀਨ ਪੈਂਦੇ 300 ਪਿੰਡਾਂ ਦੀ ਨਿਸ਼ਾਨਦੇਹੀ ਦਾ ਕੰਮ ਇੱਕ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇਗਾ। ਇਸ ਕੰਮ ਲਈ ਡਰੋਨ ਕੈਮਰਿਆਂ ਰਾਹੀਂ ਲਾਲ ਲਕੀਰ ਅਧੀਨ ਆਉਂਦੇ ਪਿੰਡਾਂ ਦੀ ਮੈਪਿੰਗ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ‘ਮਿਸ਼ਨ ਲਾਲ ਲਕੀਰ’ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਕੀਤੀ ਬੈਠਕ ਦੌਰਾਨ ਦੱਸਿਆ ਕਿ 21 ਸਤੰਬਰ ਨੂੰ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਰਾਮਪੁਰਾ ਹਲਕੇ ਤੋਂ ‘ਮਿਸ਼ਨ ਲਾਲ ਲਕੀਰ’ ਦੀ ਸ਼ੁਰੂਆਤ ਕਰਨਗੇ।
ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਵਸਦੇ ਲੋਕਾਂ ਦੀ ਇਹ ਲੰਮੇ ਸਮੇਂ ਤੋਂ ਮੰਗ ਰਹੀ ਹੈ ਕਿ ਪਿੰਡਾਂ ਦੀ ‘ਲਾਲ ਲਕੀਰ’ ਵਿੱਚ ਪੈਂਦੀਆਂ ਹਰ ਤਰ੍ਹਾਂ ਦੀਆਂ ਜਾਇਦਾਦਾਂ ਦੀ ਵਿਸਥਾਰਤ ਸੂਚੀ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਸਰਵੇ ਪਿੰਡਾਂ ਦੀ ਲਾਲ ਲਕੀਰ ਵਿੱਚ ਪੈਂਦੀਆਂ ਜਾਇਦਾਦਾਂ ਦੇ ਮਾਲਕੀ ਹੱਕ ਦੇਣ ਦਾ ਰਾਹ ਪੱਧਰਾ ਕਰੇਗਾ ਤੇ ਉਨ੍ਹਾਂ ਦੀ ਮਾਲਕੀ ਵਾਲੀਆਂ ਰਿਹਾਇਸ਼ੀ ਜਾਇਦਾਦਾਂ ਲਈ ‘ਸਨਦ’/ਪ੍ਰਮਾਣ ਪੱਤਰ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਅਧੀਨ ਪੈਂਦੇ ਪਿੰਡਾਂ ਚ ਰਹਿੰਦੀ ਆਬਾਦੀ ਦੀ ਵੱਡੇ ਪੱਧਰ ’ਤੇ ਡਰੋਨ ਕੈਮਰੇ ਰਾਹੀਂ ਮੈਪਿੰਗ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਉਨ੍ਹਾਂ ਦੀਆਂ ਰਿਹਾਇਸ਼ੀ ਜਾਇਦਾਦਾਂ ਦੇ ਦਸਤਾਵੇਜ਼ ਦਾ ਅਧਿਕਾਰ ਪ੍ਰਦਾਨ ਕਰੇਗਾ ਤਾਂ ਜੋ ਉਹ ਆਪਣੀ ਜਾਇਦਾਦ ਨੂੰ ਆਰਥਿਕ ਉਦੇਸ਼ਾਂ ਜਿਵੇਂ ਕਰਜ਼ੇ ਲਈ ਅਪਲਾਈ ਕਰਨਾ, ਲਈ ਵਰਤ ਸਕਣ। ਇਹ ਜਾਇਦਾਦ ਨਾਲ ਜੁੜੇ ਵਿਵਾਦਾਂ ਦੇ ਹੱਲ ਲਈ ਵੀ ਸਹਾਇਤਾ ਕਰੇਗਾ। ਇੱਕ ਵਾਰ ਸੂਚੀ ਤਿਆਰ ਹੋਣ ਤੋਂ ਬਾਅਦ ਮਾਲਕੀ ਦੇ ਕਾਗਜ਼ਾਤ ਤਿਆਰ ਕੀਤੇ ਜਾਣਗੇ ਅਤੇ ਇਨ੍ਹਾਂ ਦਸਤਾਵੇਜ਼ਾਂ ਦੇ ਅਧਾਰ ’ਤੇ ਮਾਲਕ ਕਰਜ਼ੇ ਅਤੇ ਹੋਰ ਲਾਭ ਲੈ ਸਕਣਗੇ
ਉਨ੍ਹਾਂ ਮੀਟਿੰਗ ਵਿਚ ਹਾਜ਼ਰ ਸਮੂਹ ਉਪ ਮੰਡਲ ਮੈਜਿਸਟਰੇਟ, ਮਾਲ ਤੇ ਪੰਚਾਇਤ ਵਿਭਾਗ, ਨਾਲ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ‘ਮਿਸ਼ਨ ਲਾਲ ਲਕੀਰ’ ਨੂੰ ਮੁਕੰਮਲ ਕਰਨ ਵਿਚ ਕਿਸੇ ਪ੍ਰਕਾਰ ਦੀ ਕੋਈ ਢਿੱਲ-ਮੱਠ ਨਾ ਵਰਤਣ। ਮਿਸ਼ਨ ਲਾਲ ਲਕੀਰ ਅਧੀਨ ਪੈਂਦੇ ਪਿੰਡਾਂ ਦੇ ਰਕਬੇ ਨੂੰ ਚੂਨੇ ਨਾਲ ਨਿਸ਼ਾਨਦੇਹੀ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਡਰੋਨ ਕੈਮਰੇ ਨਾਲ ਇਨ੍ਹਾਂ ਦੀ ਮੈਪਿੰਗ ਕਰਵਾਈ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਉਹ ਇਸ ਮਿਸ਼ਨ ਲਈ ਅਧਿਕਾਰੀਆਂ ਨਾਲ ਸਹਿਯੋਗ ਕਰਨ ਤਾਂ ਜੋ ਉਨ੍ਹਾਂ ਨੂੰ ਰਿਹਾਇਸ਼ੀ ਜਾਇਦਾਦਾਂ ਦੇ ਦਸਤਾਵੇਜ਼ ਦਾ ਅਧਿਕਾਰ ਮਿਲੇ ਅਤੇ ਉਹ ਆਪਣੀ ਜਾਇਦਾਦ ਨੂੰ ਆਰਥਿਕ ਉਦੇਸ਼ਾਂ ਲਈ ਵਰਤ ਸਕਣ।
ਇਸ ਮੌਕੇ ਏਡੀਸੀ ਬਠਿੰਡਾ ਪਰਮਵੀਰ ਸਿੰਘ, ਐਸਡੀਐਮ ਬਠਿੰਡਾ ਮੈਡਮ ਹਰਜੋਤ ਕੌਰ, ਐਸਡੀਐਮ ਮੌੜ ਮੈਡਮ ਵੀਰਪਾਲ ਕੌਰ, ਐਸਡੀਐਮ ਤਲਵੰਡੀ ਸਾਬੋ ਵਰਿੰਦਰ ਸਿੰਘ, ਐਸਡੀਐਮ ਰਾਮੁਪਰਾ ਨਵਦੀਪ ਕੁਮਾਰ, ਡੀਡੀਪੀਓ ਮੈਡਮ ਨੀਰੂ ਗਰਗ ਅਤੇ ਜ਼ਿਲ੍ਹਾ ਮਾਲ ਅਫ਼ਸਰ ਮੈਡਮ ਸਰੋਜ ਰਾਣੀ ਆਦਿ ਹਾਜ਼ਰ ਸਨ।