ਪਟਿਆਲਾ ਸ਼ਾਹੀ ਸ਼ਹਿਰ ਨੂੰ ਕਿਸਾਨ ਕਿਵੇਂ ਭਾਰਤ ਬੰਦ ਦੌਰਾਨ ਕਰਨਗੇ ਬੰਦ ਪੜ੍ਹੋ ?
ਜੀ ਐਸ ਪੰਨੂ
ਪਟਿਆਲਾ, 16 ਸਤੰਬਰ 2021 - ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੀ ਮੀਟਿੰਗ ਗੁਰੂਦਵਾਰਾ ਦੂਖ ਨਿਵਾਰਨ ਪਟਿਆਲਾ ਵਿਖੇ ਹਰਜੀਤ ਸਿੰਘ ਟਹਿਲ ਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਸੰਯੁਕਤ ਕਿਸਾਨ ਮੋਰਚਾ ਦਿੱਲ੍ਹੀ ਵੱਲੋਂ ਦਿੱਤੇ 27 ਸਤੰਬਰ 2021 ਨੂੰ ਭਾਰਤ ਬੰਦ ਕਰਨ ਦੀਆਂ ਤਿਆਰੀਆਂ ਲਈ ਪ੍ਰਬੰਧਕ ਡਿਊਟੀਆਂ ਲਾਈਆਂ ਗਈਆਂ।
ਇਹ ਫੈਸਲਾ ਕੀਤਾ ਗਿਆ ਕਿ ਪਟਿਆਲਾ ਜਿਲ੍ਹੇ ਵਿੱਚ ਪਾਤੜਾਂ, ਸਮਾਣਾ, ਨਾਭਾ, ਰਾਜਪੁਰਾ, ਧਰੇੜੀ ਟੋਲ, ਕਲਿਆਣ ਟੋਲ, ਸਰਹਿੰਦ ਰੋਡ, ਅਤੇ ਸਹੀਦ ਊਧਮ ਸਿੰਘ ਚੌਕ ਸਨੌਰ ਰੋਡ ਤੇ ਜਾਮ ਲਗਾ ਕੇ ਧਰਨੇ ਦਿੱਤੇ ਜਾਣਗੇ। ਜਿਸ ਦੌਰਾਨ ਐਮਰਜੰਸੀ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ ਅਤੇ ਨਾਲ ਹੀ ਭਾਜਪਾ ਦੇ ਨਾਲ ਨਾਲ ਹਰ ਸਿਆਸੀ ਪਾਰਟੀ ਦੇ ਚੋਣ ਸਰਗਮੀਆਂ ਦਾ ਵਿਰੋਧ ਕੀਤਾ ਜਾਵੇਗਾ, ਸਾਰੀਆਂ ਸਿਆਸੀ ਪਾਰਟੀਆਂ ਨੂੰ ਲੋਕ ਹਿਤ ਵਿੱਚ ਸਵਾਲ ਕੀਤੇ ਜਾਣਗੇ। ਖੁਸ਼ੀ ਗ਼ਮੀ ਦੇ ਸਮਾਜਿਕ ਪ੍ਰੋਗਰਾਮਾਂ ਵਿੱਚ ਛੋਟ ਦਿੱਤੀ ਜਾਵੇਗੀ।
ਪੰਜਾਬ ਸਰਕਾਰ ਦੇ ਸੀਮਤ ਤੇ ਸੰਖੇਪ ਪ੍ਰੋਗਰਾਮਾਂ ਨੂੰ ਵੀ ਛੋਟ ਹੋਵੇਗੀ, ਬਸ਼ਰਤੇ ਕਿ ਕੋਈ ਵੱਡਾ ਇਕੱਠ ਯਾਂ ਰਾਜਸੀ ਸਰਗਰਮੀ ਨਾ ਹੋਵੇ। ਮੀਟਿੰਗ ਦੌਰਾਨ ਤਹਿ ਕੀਤਾ ਗਿਆ ਕਿ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਵਪਾਰ ਮੰਡਲ, ਟਰੱਕ ਯੂਨੀਅਨ, ਟੈਕਸੀ ਯੂਨੀਅਨ, ਦੋਧੀ ਯੂਨੀਅਨ ਤੇ ਮੁਲਾਜ਼ਮ ਜਨਤਕ ਜਥਬੰਦੀਆਂ ਨੂੰ ਤਾਲਮੇਲ ਕਰਕੇ ਬੰਦ ਨੂੰ ਸਫ਼ਲ ਕਰਨ ਲਈ ਸਹਿਯੋਗ ਲਿਆ ਜਾਵੇਗਾ। ਇਸ ਮੀਟਿੰਗ ਵਿੱਚ ਰਮਿੰਦਰ ਸਿੰਘ ਪਟਿਆਲਾ, ਸਤਵੰਤ ਸਿੰਘ ਵਜੀਦਪੁਰ, ਗੁਰਮੀਤ ਸਿੰਘ ਦਿਤੁਪੁਰ, ਦਵਿੰਦਰ ਸਿੰਘ ਪੂਨੀਆ, ਰਣਜੀਤ ਸਿੰਘ ਸਵਾਜਪੁਰ, ਲਖਵਿੰਦਰ ਸਿੰਘ, ਪੂਰਨ ਚੰਦ ਨਨਹੇੜਾ, ਰਮੇਸ਼ ਅਜਾਦ, ਜਸਵੀਰ ਸਿੰਘ ਖੇੜੀ ਰਾਜੂ, ਧਨਵੰਤ ਸਿੰਘ, ਹਰਭਜਨ ਸਿੰਘ ਧੂਹੜ, ਗੁਰਮੀਤ ਸਿੰਘ ਛੱਜੂ ਭੱਟ, ਹਰਭਜਨ ਸਿੰਘ ਬੁੱਟਰ ਸ਼ਾਮਿਲ ਹੋਏ।